ਅੰਮ੍ਰਿਤਸਰ, 21 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਰਾਏ ਕੱਲਾ ਜੀ ਅਤੇ ਗੰਗਾ ਸਾਗਰ ਦੀ ਤਸਵੀਰ 24 ਜੁਲਾਈ ਨੂੰ ਸਵੇਰੇ 10:00 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਜਾਵੇਗੀ। ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਦੇ ਜ਼ੁਲਮੀ ਰਾਜ ਸਮੇਂ ਗੁਰੂ ਘਰ ਪ੍ਰਤੀ ਨਿਭਾਈ ਸੇਵਾ ਤੇ ਨਿਸ਼ਠਾ ਲਈ ਰਾਏ ਕੱਲਾ ਨੂੰ ਗੰਗਾ ਸਾਗਰ (ਸੁਰਾਹੀ) ਕਿਰਪਾਨ ਤੇ ਇੱਕ ਰਹਿਲ ਦੇ ਕੇ ਨਿਵਾਜਿਆ ਸੀ। 24 ਜੁਲਾਈ ਨੂੰ ਤਸਵੀਰ ਸੁਸ਼ੋਭਿਤ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਰਾਏ ਕੱਲਾ ਜੀ ਦੇ ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਸਿੱਖ ਅਜਾਇਬ ਘਰ ਵਿਖੇ ਰਾਏ ਕੱਲਾ ਜੀ ਤੇ ਗੰਗਾ ਸਾਗਰ ਦੀ ਤਸਵੀਰ ਸੁਸ਼ੋਭਿਤ ਕਰਨ ਲਈ ਫੈਸਲਾ ਕੀਤਾ ਸੀ।