ਮਲੋਟ/ਸੰਗਰੂਰ, 16 ਅਕਤੂਬਰ (ਸੋਨੂੰ ਮਲੂਜਾ, ਹਰਦੀਪ ਸਿੰਘ ਖਾਲਸਾ)-ਅੱਜ ਸਵੇਰ ਨੇੜਲੇ ਪਿੰਡ ਮਾਹਣੀਖੇੜਾ ਵਿਖਾ ਮਹੌਲ ਉਸ ਸਮੇਂ ਗਮਗੀਨ ਹੋ ਗਿਆ ਜਦ ਪਿੰਡ ਦਾ ਇਕ ਨੌਜਵਾਨ ਵਿਅਕਤੀ ਤੇ ਇਕ ਜਵਾਨ ਬੱਚਾ ਅਚਾਨਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 9.00 ਵਜੇ ਦੇ ਕਰੀਬ ਪਿੰਡ ਦਾ ਕਿਸਾਨ ਕੁਲਵਿੰਦਰ ਸਿੰਘ (38) ਪੁੱਤਰ ਰਘੁਬੀਰ ਨੰਬਰਦਾਰ ਵਾਸੀ ਪਿੰਡ ਮਾਹਣੀਖੇੜਾ ਆਪਣੇ ਘਰੋਂ ਨਰਮੇ ਦੀ ਟਰਾਲੀ ਭਰ ਕੇ ਮੰਡੀ ਮਲੋਟ ਵੇਚਣ ਲਈ ਜਾ ਰਿਹਾ ਸੀ। ਇਸ ਸਮੇਂ ਨਰਮੇ ਦੀ ਭਰੀ ਟਰਾਲੀ ਤੇ ਉਹਦਾ ਸੀਰੀ ਗੁਰਦੇਵ ਸਿੰਘ (50) ਪੁੱਤਰ ਦਾਨਾ ਸਿੰਘ ਵੀ ਸਵਾਰ ਸੀ । ਪਿੰਡ ਦਾ ਹੀ ਇਕ ਹੋਰ ਨੌਜਵਾਨ ਲੜਕਾ ਜਸਕਰਨ ਸਿੰਘ (15) ਪੁੱਤਰ ਮੰਦਰ ਸਿੰਘ ਆਪਣੇ ਖੇਤ ਰੋਟੀ ਦੇਣ ਜਾ ਰਿਹਾ ਸੀ ਕਿ ਅਚਾਨਕ ਟਰੈਕਟਰ ਸ਼ਹਿਰ ਜਾਂਦਾ ਦੇਖ ਉਹਨੇ ਵੀ ਟਰੈਕਟਰ ਤੇ ਲਿਫਟ ਲੈ ਲਈ। ਇਹ ਟਰੈਕਟਰ ਟਰਾਲੀ ਡਿਫੈਂਸ ਰੋਡ ਤੋਂ ਮਲੋਟ ਵੱਲ ਜਾ ਰਹੇ ਸਨ ਕਿ ਅਚਾਨਕ ਸੜਕ ਤੇ ਮਰੇ ਪਏ ਇਕ ਕੁੱਤੇ ਨੂੰ ਬਚਾਉਣ ਲਈ ਟਰੈਕਟਰ ਚਾਲਕ ਨੇ ਜਦ ਟਰੈਕਟਰ ਪਾਸੇ ਕੱਟਿਆ ਤਾਂ ਪਿਛੋਂ ਸਪੀਡ ਤੇ ਆ ਰਹੇ ਇਕ ਟਰੱਕ ਦੀ ਲਪੇਟ ਦੀ ਵਿਚ ਆ ਗਿਆ । ਟਰੱਕ ਦੀ ਸਪੀਡ ਐਨੀ ਤੇਜ ਸੀ ਕਿ ਟਰੱਕ ਟਰੈਕਟਰ ਨੂੰ ਕਈ ਮੀਟਰ ਤੱਕ ਸੜਕ ਤੇ ਘਸੀਟ ਕੇ ਲੈ ਗਿਆ । ਸਿੱਟੇ ਵਜੋਂ ਟਰਾਲੀ ਦੀ ਹੁੱਕ ਟੁੱਟ ਗਈ ਤੇ ਟਰਾਲੀ ਪਿਛਾਂਹ ਵੱਲ ਰੁੜ੍ਹ ਗਈ ਪਰ ਉਹਦੇ ਤੇ ਸਵਾਰ ਗੁਰਦੇਵ ਵਾਲ ਵਾਲ ਬੱਚ ਗਿਆ । ਟਰੈਕਟਰ ਤੇ ਸਵਾਰ ਦੋਹਾਂ ਵਿਅਕਤੀਆਂ ਚੋਂ ਟਰੱਕ ਨਾਲ ਸਿਧੀ ਟੱਕਰ ਹੋਣ ਕਾਰ ਕੁਲਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਨੌਜਵਾਨ ਬੱਚੇ ਜਸਕਰਨ ਨੂੰ ਜਦ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਹ ਵੀ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਅਕਾਲ ਚਲਾਣਾ ਕਰ ਗਿਆ । ਇਸ ਸਬੰਧੀ ਥਾਣਾ ਕਬਰਵਾਲਾ ਵੱਲੋਂ ਮ੍ਰਿਤਕਾਂ ਦੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਜਦ ਕਿ ਹਾਦਸੇ ਸਬੰਧੀ ਬਾਕੀ ਕਾਰਵਾਈ ਹਾਲੇ ਜਾਰੀ ਸੀ।