ਸਾਬਕਾ ਮੁੱਖ ਮੰਤਰੀ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਵੱਲੋਂ ਕੋਵਿੰਦ ਨੂੰ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ

ਚੰਡੀਗੜ /20 ਜੁਲਾਈ/ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਰਾਮ ਨਾਥ ਕੋਵਿੰਦ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਜਾਣ ਉੱਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਇੱਕ ਕਿਸਾਨ ਦੇ ਪੁੱਤਰ ਨੂੰ ਰਾਸ਼ਟਰਪਤੀ ਭਵਨ ਵਾਸਤੇ ਨਾਮਜ਼ਦ ਕਰਨ ਵਾਲੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੂਝ ਦੀ ਪ੍ਰਸੰਸਾ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਕਿਹਾ ਕਿ ਸ੍ਰੀ ਕੋਵਿੰਦ ਦੀ ਜਿੱਤ ਉਹਨਾਂ ਸਾਰੀਆਂ ਤਰਕਸੰਗਤ ਤਾਕਤਾਂ ਦੀ ਜਿੱਤ ਹੈ, ਜਿਹੜੀਆਂ ਦੇਸ਼ ਨੂੰ ਤਰੱਕੀ ਦੇ ਰਾਹਾਂ ਉੱਤੇ ਲੈ ਕੇ ਜਾਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਆਪਣੀ ਸਖਸ਼ੀਅਤ ਅਤੇ ਕਰਮਯੋਗੀ ਕਿਰਦਾਰ ਦੇ ਬਲਬੂਤੇ ਜਿਸ ਤਰੀਕੇ ਨਾਲ ਸ੍ਰੀ ਕੋਵਿੰਦ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੇ, ਉਸ ਵਾਸਤੇ ਉਹ ਵਧਾਈ ਦੇ ਹੱਕਦਾਰ ਹਨ।
ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਵੇਂ ਰਾਸ਼ਟਰਪਤੀ ਭਾਰਤ ਦੇ ਨੌਜਵਾਨਾਂ ਲਈ ਨਕਸ਼ੇ ਕਦਮਾਂ ਉੱਤੇ ਚੱਲਣ ਵਾਸਤੇ ਇੱਕ ਪ੍ਰੇਰਣਾ ਹਨ। ਸ੍ਰੀ ਕੋਵਿੰਦ ਨੇ ਬਹੁਤ ਹੀ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਸਿਰਫ ਆਪਣੇ ਬਲਬੂਤੇ ਇੱਕ ਮੁਕਾਮ ਹਾਸਿਲ ਕੀਤਾ। ਬਤੌਰ ਵਕੀਲ ਉਹਨਾਂ ਨੇ ਸਮਾਜ ਦੇ ਲਿਤਾੜੇ ਵਰਗਾਂ ਦੀ ਭਲਾਈ ਲਈ ਬਹੁਤ ਸ਼ਾਨਦਾਰ ਕੰਮ ਕੀਤਾ ਹੈ।
ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਕੋਵਿੰਦ ਜੀ ਦਾ ਕਾਨਪੁਰ ਦੇਹਾਤ ਤੋਂ ਰਾਸ਼ਟਰਪਤੀ ਭਵਨ ਤਕ ਦਾ ਸਫਰ ਹਲੀਮੀ, ਸਖ਼ਤ ਮਿਹਨਤ ਅਤੇ ਸਮਾਜ ਦੀ ਸੇਵਾ ਨਾਲ ਓਤਪੋਤ ਹੈ। ਸਾਡੀ ਪਾਰਟੀ ਅਤੇ ਪੰਜਾਬੀ ਇੱਕ ਅਜਿਹੇ ਵਿਅਕਤੀ ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਲਈ ਚੁਣ ਕੇ ਫਖ਼ਰ ਮਹਿਸੂਸ ਕਰਦੇ ਹਨ।
ਦੋਵੇਂ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਸ੍ਰੀ ਕੋਵਿੰਦ ਰਾਸ਼ਟਰਪਤੀ ਭਵਨ ਦਾ ਸਤਿਕਾਰ ਅਤੇ ਰੁਤਬਾ ਹੋਰ ਉੱਚਾ ਕਰਨਗੇ। ਸ੍ਰੀ ਕੋਵਿੰਦ ਦਾ ਬਿਹਾਰ ਦੇ ਰਾਜਪਾਲ ਵਜੋਂ ਕਾਰਗੁਜ਼ਾਰੀ ਬਹੁਤ ਹੀ ਨਿਰਪੱਖ ਭੂਮਿਕਾ ਵਾਲੀ ਰਹੀ ਹੈ। ਵਕੀਲ ਹੋਣ ਕਰਕੇ ਉਹਨਾਂ ਨੂੰ ਸੰਵਿਧਾਨਿਕ ਮਾਮਲਿਆਂ ਦੀ ਡੂੰਘੀ ਸਮਝ ਹੈ। ਉਹ ਸੁਪਰੀਮ ਕੋਰਟ ਦੇ ਵੀ ਵਕੀਲ ਰਹੇ ਹਨ। ਅਸੀਂ ਉਹਨਾਂ ਨੂੰ ਦੇਸ਼ ਦੇ ਪਹਿਲੇ ਨਾਗਰਿਕ ਦਾ ਰੁਤਬਾ ਹਾਸਿਲ ਕਰਨ ਲਈ ਢੇਰ ਸਾਰੀਆਂ ਵਧਾਈਆਂ ਦਿੰਦੇ ਹਾਂ।

 

Send this to a friend