ਸਪਾ ਸੰਸਦ ਮੈਂਬਰ ਨਰੇਸ਼ ਅਗਰਵਾਲ ਦੀ ਟਿੱਪਣੀ ’ਤੇ ਰਾਜ ਸਭਾ ’ਚ ਹੰਗਾਮਾ

ਭਗਵਾਨ ਰਾਮ ਅਤੇ ਗਾਂ ਉਪਰ ਇਤਰਾਜ਼ਯੋਗ ਟਿਪਣੀ ਸਭਾ ਦੀ ਕਾਰਵਾਈ ’ਚੋਂ ਕੱਢੀ

ਨਵੀਂ ਦਿਲੀ, 19 ਜੁਲਾਈ – ਰਾਜ ਸਭਾ ਵਿਚ ਬੁਧਵਾਰ ਨੂੰ ਸਤਾ ਪਖ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵਿਚਕਾਰ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼੍ਰੀ ਨਰੇਸ਼ ਅਗਰਵਾਲ ਦੀ ਇਕ ਟਿਪਣੀ ਨੂੰ ਲੈ ਕੇ ਮਾਹੌਲ ਬੇਹਦ ਤਣਾਅਪੂਰਨ ਹੋ ਗਿਆ। ਗਾਂ ਅਤੇ ਰਾਮ ਨੂੰ ਲੈ ਕੇ ਕੀਤੀ ਗਈ ਇਸ ਟਿਪਣੀ ’ਤੇ ਵਿਤ ਮੰਤਰੀ ਅਰੁਣ ਜੇਤਲੀ ਅਤੇ ਅਨੰਤ ਕੁਮਾਰ ਬੁਰੀ ਤਰ੍ਹਾਂ ਭੜਕ ਗਏ।ਉਨ੍ਹਾਂ ਨੇ ਸ਼੍ਰੀ ਅਗਰਵਾਲ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਹਾਲਾਂਕਿ ਅਗਰਵਾਲ ਦੇ ਇਹ ਸ਼ਬਦ ਬਾਅਦ ਵਿਚ ਸਦਨ ਦੀ ਕਾਰਵਾਈ ਤੋਂ ਹਟਾ ਦਿਤੇ ਗਏ। ਬੁਧਵਾਰ ਨੂੰ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਅਤੇ ਦਲਿਤਾਂ ਦੇ ਮੁਦੇ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਲੜੀ ਤਹਿਤ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼੍ਰੀ ਨਰੇਸ਼ ਅਗਰਵਾਲ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਰਾਮ ਜਨਮ ਭੂਮੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਲੋਕ ਹਿੰਦੂ ਧਰਮ ਦੇ ਠੇਕੇਦਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ 1991 ਵਿਚ ਰਾਮ ਜਨਮ ਭੂਮੀ ਦਾ ਜਦੋਂ ਅੰਦੋਲਨ ਚਲ ਰਿਹਾ ਸੀ ਤਾਂ ਉਸ ਸਮੇਂ ਜਨਤਾ ਦੇ ਵਿਚਕਾਰ ਮੈਨੂੰ ਵੀ ਸਫ਼ਾਈ ਦੇਣੀ ਪੈਂਦੀ ਸੀ, ਅਸੀਂ ਵਿਧਾਇਕ ਦੀ ਚੋਣ ਲੜ ਰਹੇ ਸੀ। ਭਾਜਪਾ ਦੇ ਕੁਝ ਠੇਕੇਦਾਰ ਸਨ ਜੋ ਖ਼ੁਦ ਨੂੰ ਭਾਜਪਾ ਅਤੇ ਵੀਐਚਪੀ ਦਾ ਦਸਦੇ ਸਨ। ਉਹ ਕਹਿੰਦੇ ਸਨ ਕਿ ਜੋ ਸਾਡਾ ਸਰਟੀਫਿਕੇਟ ਲੈ ਕੇ ਨਹੀਂ ਆਏ, ਉਹ ਹਿੰਦੂ ਨਹੀਂ ਹਨ।ਇਸ ਦੌਰਾਨ ਉਨ੍ਹਾਂ ਨੇ ਕੁਝ ਲਾਈਨਾਂ ਪੜ੍ਹਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਜੇਲ੍ਹ ਦੀਆਂ ਕੰਧਾਂ ‘ਤੇ ਰਾਮ ਭਗਤਾਂ ਨੇ ਲਿਖਿਆ ਹੋਇਆ ਸੀ। ਇਨ੍ਹਾਂ ਲਾਈਨਾਂ ਨੂੰ ਸੁਣ ਕੇ ਸਤਾ ਪਖ ਦੇ ਸਾਂਸਦ ਭੜਕ ਗਏ ਅਤੇ ਨਾਅਰੇਬਾਜ਼ੀ ਕਰਨ ਲਗ ਪਏ।

Send this to a friend