ਬਸਪਾ ਸੁਪਰੀਮੋ ਭੈਣ ਮਾਇਆਵਤੀ ਵੱਲੋਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ

ਸਦਨ ’ਚ ਦਲਿਤ ਅੱਤਿਆਚਾਰਾਂ ਵਿਰੁੱਧ ਨਾ ਬੋਲਣ ਦੇਣ ਦਾ ਲਗਾਇਆ ਦੋਸ਼

ਨਵੀਂ ਦਿੱਲੀ /ਲਖਨਊ, 18 ਜੁਲਾਈ- ਯੂ.ਪੀ. ਵਿੱਚ ਸਹਾਰਨਪੁਰ ਵਿਖੇ ਦਲਿਤ ਵਿਰੋਧੀ ਹਿੰਸਾ ਨੂੰ ਲੈ ਕੇ ਆਪਣੀ ਗੱਲ ਜਲਦ ਖਤਮ ਕਰਨ ਨੂੰ ਕਹੇ ਜਾਣ ਤੋਂ ਨਾਰਾਜ਼ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਨੇ ਰੋਸ ਵੱਜੋਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜ ਸਭਾ ਦੇ ਸਭਾਪਤੀ ਅਹਿਮਦ ਅਨਸਾਰੀ ਨੂੰ ਸੌਂਪ ਦਿੱਤਾ। ਉਨ੍ਹਾਂ ਦੇ ਇਸ ਅਸਤੀਫੇ ਨਾਲ ਸਿਆਸੀ ਹਲਕਿਆਂ ਵਿੱਚ ਤਹਿਲਕਾ ਮਚ ਗਿਆ ਹੈ। ਭੈਣ ਮਾਇਆਵਤੀ ਨੇ ਇਸ ਮੌਕੇ ’ਤੇ ਕਿਹਾ ਕਿ ਮੈਂ ਸ਼ੋਸ਼ਿਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਖਾਸ ਕਰਕੇ ਦਲਿਤਾਂ ’ਤੇ ਅੱਤਿਆਚਾਰ ਦੀ ਗੱਲ ਸਦਨ ਵਿੱਚ ਰੱਖਣਾ ਚਾਹੁੰਦੀ ਸੀ। ਸਹਾਰਨਪੁਰ ਦੇ ਸ਼ਬੀਰਪੁਰ ਪਿੰਡ ਵਿੱਚ ਜੋ ਦਲਿਤਾਂ ’ਤੇ ਅੱਤਿਆਚਾਰ ਹੋਇਆ ਹੈ ਮੈਂ ਉਸ ਦੀ ਗੱਲ ਉਠਾਉਣਾ ਚਾਹੁੰਦੀ ਸੀ ਪਰ ਹਾਕਮ ਧਿਰ ਦੇ ਸਾਰੇ ਲੋਕ ਇਕ ਸਾਥ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਬਸਪਾ ਦੀ ਮੁਖੀ ਨੇ ਕਿਹਾ ਕਿ ਮੈਂ ਦਲਿਤ ਸਮਾਜ ਤੋਂ ਆਈ ਹਾਂ ਅਤੇ ਜੇਕਰ ਮੈਂ ਆਪਣੇ ਸਮਾਜ ਦੀ ਗੱਲ ਨਹੀਂ ਰੱਖ ਸਕਦੀ। ਤਾਂ ਮੇਰਾ ਇਥੇ ਹੋਣ ਦਾ ਕੀ ਲਾਭ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਉਪ ਸਭਾਪਤੀ ਸ਼੍ਰੀ ਪੀ.ਜੇ. ਕੋਰਿਅਨ ਨੇ ਭੈਣ ਮਾਇਆਵਤੀ ਨੂੰ ਆਪਣੀ ਗੱਲ ਤਿੰਨ ਮਿੰਟ ਵਿੱਚ ਖਤਮ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਭੈਣ ਮਾਇਆਵਤੀ ਨਰਾਜ਼ ਹੋ ਗਏ। ਅਤੇ ਕਿਹਾ ਕਿ ਉਹ ਇਕ ਗੰਭੀਰ ਮੁੱਦਾ ਉਠਾ ਰਹੇ ਹਨ। ਜਿਸ ਲਈ ਉਨ੍ਹਾਂ ਨੂੰ ਬੋਲਣ ਲਈ ਵਧੇਰੇ ਵਕਤ ਚਾਹੀਦਾ ਹੈ। ਮਾਇਆਵਤੀ ਨੇ ਕਿਹਾ ਕਿ ਸਹਾਰਨਪੁਰ ਘਟਨਾ ਕੇਂਦਰ ਦੀ ਸਾਜਿਸ਼ ਸੀ। ਇਸ ਗੱਲ ਉਪਰ ਰਾਜ ਸਭਾ ਵਿੱਚ ਹੰਗਾਮਾ ਹੋਣ ਲੱਗਿਆ ਅਤੇ ਇਸ ਉਪਰ ਪ੍ਰਤੀਕਰਮ ਦਿੰਦੇ ਹੋਏ ਭੈਣ ਮਾਇਆਵਤੀ ਨੇ ਉਪ ਸਭਾਪਤੀ ਨੂੰ ਕਿਹਾ ਤੁਸੀਂ ਮੈਨੂੰ ਬੋਲਣ ਨਹੀਂ ਦਿਓਂਗੇ ਤਾਂ ਮੈਂ ਸਦਨ ਤੋਂ ਅਸਤੀਫਾ ਦੇ ਦਿੰਦੀ ਹਾਂ। ਸ਼੍ਰੀ ਕੋਰਿਅਨ ਦੇ ਰੋਕੇ ਜਾਣ ਉਪਰ ਉਨ੍ਹਾਂ ਇਹ ਵੀ ਕਿਹਾ ਕਿ ਦਲਿਤਾਂ ਅਤੇ ਛੋਟੇ ਤਬਕੇ ਦੇ ਲੋਕਾਂ ਉਪਰ ਲਗਾਤਾਰ ਅੱਤਿਆਚਾਰ ਹੋ ਰਹੇ ਹਨ। ਸਹਾਰਨਪੁਰ ਅਤੇ ਗੁਜਰਾਤ ਦੇ ਉਨਾਹ ਵਿੱਚ ਦਲਿਤਾਂ ’ਤੇ ਅੱਤਿਆਚਾਰ ਹੋਏ ਹਨ। ਸ਼ਬੀਰਪੁਰ ਵਿੱਚ ਉਨ੍ਹਾਂ ਨੂੰ ਹੈਲੀਕਾਪਟਰ ’ਤੇ ਜਾਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਸੜਕ ਰਾਹੀਂ ਉਥੇ ਜਾਣਾ ਪਿਆ। ਯੂ. ਪੀ. ਵਿੱਚ ਹਾਲੇ ਵੀ ਮਹਾਂ ਜੰਗਲ ਰਾਜ ਅਤੇ ਮਹਾਂ ਗੁੰਡਾ ਰਾਜ ਹੈ। ਮਾਇਆਵਤੀ ਦੇ ਅਸਤੀਫੇ ਦੇ ਬਾਅਦ ਹੁਣ ਬਸਪਾ ਦੇ ਪੰਜ ਮੈਂਬਰਾਂ ਦੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਹੈ ਕਿ ਉਹ ਪਾਰਟੀ ਸੁਪਰੀਮੋ ਵਲੋਂ ਤੈਅ ਕੀਤੀ ਰਣਨੀਤੀ ਮੁਤਾਬਕ ਚਲਣਗੇ ਜਾਂ ਆਪਣੀ ਸਿਆਸਤ ਦਾ ਰਸਤਾ ਖੁਦ ਤੈਅ ਕਰਨਗੇ।

Send this to a friend