June 22, 2026 7:21 pm

ਹਿਮਾਚਲ ਪ੍ਰਦੇਸ਼ ਦੀ ਸਿਰਾਜ ਘਾਟੀ, ਜਿੱਥੇ ਵਿਆਹ ਹੁੰਦੇ ਨੇ ਬਿਨਾ ਸਿਹਰਿਆਂ ਤੇ ਬਿਨਾ ਫੇਰਿਆਂ ਦੇ

ਸਿਰਾਜ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ ਰਿਪੋਰਟ
ਟਾਂਗਰਾ , 17 ਅਕਤੂਬਰ-ਪੰਜਾਬ ਪ੍ਰਦੇਸ਼ ‘ਚ ਇਹ ਖਬਰ ਬਹੁਤ ਹੀ ਹੈਰਾਨੀ ਨਾਲ ਪੜ੍ਹੀ ਜਾਵੇਗੀ ਕਿ ਲਾੜ੍ਹੇ ਨੂੰ ਸਿਹਰੇ ਲਗਾ ਕੇ ਅਤੇ ਧਰਮ ਅਨੁਸਾਰ ਹਿੰਦੂ ਸੰਸਕਾਰਾਂ ਨੂੰ ਮੰਨਦੇ ਹੋਏ ਬਿਨਾ ਕਿਸੇ ਧਾਰਮਿਕ ਪ੍ਰੰਪਰਾ ਦੀ ਪੂਰਤੀ ਦੇ ਵੇਦੀ ਜਾਂ ਹੋਰ ਰਸਮਾਂ ਤੋਂ ਬਿਨਾ ਵਿਆਹ ਦਾ ਹੋਣਾ ਅਸੰਭਵ ਜਿਹਾ ਹੀ ਲਗਦਾ ਹੈ ਪ੍ਰੰਤੂ ਇਹ ਅਟੱਲ ਸਚਾਈ ਹੈ ਕਿ ਭਾਰਤ ਵਰਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ‘ਚ ਅੱਜ ਵੀ ਸਿਰਾਜ ਨਾਂਅ ਦਾ ਅਜਿਹਾ ਖੇਤਰ ਮੌਜੂਦ ਹੈ ਜਿਥੇ ਵਿਆਹ ਬਿਨਾ ਸਿਹਰਿਆਂ ਤੇ ਫੇਰਿਆਂ ਤੋਂ ਹੀ ਹੋ ਜਾਂਦੇ ਹਨ ਅਤੇ ਪੁਰਾਤਨ ਸਮਿਆਂ ਤੋਂ ਚਲਦੀ ਆ ਰਹੀ ਇਹ ਪ੍ਰੰਪਰਾ ਅੱਜ ਵੀ ਜਿਉਂ ਦੀ ਤਿਉਂ ਹੀ ਲਾਗੂ ਹੈ। ਅਕਸਰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਦੀ ਰਸਮ ਨੂੰ ਅਗਨੀ ਦੀ ਹਾਜ਼ਰੀ ‘ਚ ਵੇਦੀ ਦੇ ਦੁਆਲੇ ਲਾੜ੍ਹੇ ਤੇ ਲਾੜ੍ਹੀ ਵੱਲੋਂ ਸੱਤ ਫੇਰੇ ਲੈਣ ਨਾਲ ਹੀ ਸੰਪੂਰਨ ਮੰਨਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਅਤੇ ਜ਼ਿਲ੍ਹਾ ਮੰਡੀ ਦੇ ਕੁਝ ਇੱਕ ਖੇਤਰ ਵਿੱਚ ਫੈਲੇ ਇਲਾਕੇ ਨੂੰ ਸਿਰਾਜ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਹਾੜੀ ਉਚਾਈਆਂ ‘ਤੇ ਨਿਵਾਣਾਂ ਦੇ ਹਿਸਾਬ ਨਾਲ ਇਸ ਖੇਤਰ ਨੂੰ ਅੰਦਰਲਾ ਸਿਰਾਜ ਅਤੇ ਬਾਹਰਲਾ ਸਿਰਾਜ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ। ਸਿਰਾਜ ਦਾ ਪੂਰਾ ਖੇਤਰ ਠੰਡਾ ਇਲਾਕਾ ਹੈ ਅਤੇ ਸਰਦੀਆਂ ‘ਚ ਹੁੰਦੀ ਬਰਫਬਾਰੀ ਕਾਰਨ ਇਸਦੇ ਰਸਤੇ ਬੰਦ ਹੋ ਜਾਂਦੇ ਹਨ। ਇਲਾਕੇ ਦੇ ਕੁਝ ਕੁ ਪਿੰਡ ਤਾਂ ਸੜਕੀ ਰਸਤੇ ਨਾਲ ਜੁੜੇ ਹੋਏ ਹਨ ਪ੍ਰੰਤੂ ਬਹੁਤੇ ਪਿੰਡ ਸੜਕੀ ਪਹੁੰਚ ਤੋਂ ਬਹੁਤ ਹੀ ਦੂਰ ਦੁਰੇਡੇ ਵਸੇ ਹੋਏ ਹਨ। ਕੁੱਲੂ ਜ਼ਿਲ੍ਹੇ ਦੀ ਤਹਿਸੀਲ ਬੰਜਾਰ ਅਤੇ ਮੰਡੀ ਜ਼ਿਲ੍ਹੇ ਦੀ ਤਹਿਸੀਲ ਥੁਨਾਗ ਨੂੰ ਹੀ ਪ੍ਰਮੁੱਖ ਤੌਰ ‘ਤੇ ਸਿਰਾਜ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ ‘ਚ ਵੱਸਣ ਵਾਲੇ ਹਿਮਾਚਲ ਦੇ ਲੋਕ ਬਹੁਤ ਹੀ ਮਿਲਣਸਾਰ ਅਤੇ ਬਾਰਹ ਤੋਂ ਆਏ ਕਿਸੇ ਵੀ ਵਿਅਕਤੀ ਦੀ ਮਹਿਮਾਨ ਨਿਵਾਜੀ ਕਰਨ ਵਿੱਚ ਮੋਹਰੀ ਮੰਨੇ ਜਾਂਦੇ ਹਨ। ਬਾਹਰੋਂ ਆਏ ਮਹਿਮਾਨ ਨੂੰ ਇਸ ਇਲਾਕੇ ‘ਚ ਦੇਵਤੇ ਦਾ ਦਰਜਾ ਦੇ ਕੇ ਸਤਿਕਾਰਿਆ ਜਾਂਦਾ ਹੈ, ਪ੍ਰੰਤੂ ਮੁੱਢ ਕਦੀਮ ਤੋਂ ਹੀ ਇਸ ਇਲਾਕੇ ‘ਚ ਵਿਆਹ ਸ਼ਾਦੀਆਂ ਦਾ ਇੱਕ ਵੱਖਰਾ ਹੀ ਰਿਵਾਜ ਚੱਲਦਾ ਆ ਰਿਹਾ ਹੈ ਜੋ ਕਿ ਸਮੇਂ ਦੀ ਰਫਤਾਰ ਵਿੱਚ ਡਾਹਢੀ ਤਬਦੀਲੀ ਆਉਣ ਦੇ ਬਾਵਜੂਦ ਵੀ ਇੰਨ ਬਿੰਨ ਉਸੇ ਤਰ੍ਹਾਂ ਹੀ ਚਲ ਰਿਹਾ ਹੈ। ਸਮੇਂ ਦੀ ਤਬਦੀਲੀ ਨਾਲ ਇਸ ਇਲਾਕੇ ਦੇ ਲੋਕ ਬੇਸ਼ੱਕ ਸਾਖਰ ਹੋ ਗਏ ਹਨ ਪਰੰਤੂ ਵਿਆਹਾਂ ਦੇ ਇਸ ਰਿਵਾਜ ‘ਚ ਕੋਈ ਵੀ ਤਬਦੀਲੀ ਇਸ ਇਲਾਕੇ ‘ਚ ਦੇਖਣ ਨੂੰ ਨਹੀਂ ਮਿਲੀ। ਇਸ ਇਲਾਕੇ ਦੇ ਲੋਕ ਸ਼ੁਰੂ ਤੋਂ ਹੀ ਰਸਮੀ ਵਿਆਹਾਂ ‘ਚ ਵਿਸ਼ਵਾਸ ਨਹੀਂ ਰੱਖਦੇ ਰਹੇ ਅਤੇ ਅੱਜ ਵੀ ਆਪਣੇ ਇਲਾਕੇ ਦੇ ਪੁਰਾਤਨ ਸਭਿਆਚਾਰ ਨੂੰ ਉਸੇ ਹੀ ਤਰਾਂ ਸੰਭਾਲੀ ਬੈਠੇ ਹਨ। ਕਿਸੇ ਵੀ ਮਾਂ ਬਾਪ ਨੂੰ ਆਪਣੇ ਪੁੱਤਰ -ਪੁੱਤਰੀਆਂ ਦੇ ਜਵਾਨੀ ਦੀ ਦਹਿਲੀਜ ‘ਤੇ ਪੈਰ ਰੱਖਣ ਵੇਲੇ ਉਨ੍ਹਾਂ ਦੇ ਵਿਆਹ ਦਾ ਕੋਈ ਫਿਕਰ ਨਹੀਂ ਸਤਾਉਂਦਾ। ਵਿਸ਼ੇਸ਼ ਕਰਕੇ ਲੜਕੀਆਂ ਦੇ ਮਾਪੇ ਤਾਂ ਬਿਲਕੁੱਲ ਹੀ ਬੇਫਿਕਰ ਹੁੰਦੇ ਹਨ। ਜੁਆਨੀ ਦੀ ਪੌੜੀ ‘ਤੇ ਪੈਰ ਧਰਦਿਆਂ ਹੀ ਲੜਕਾ ਲੜਕੀ ਇੱਕ ਦੂਸਰੇ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਲੁਕਵੀਆਂ ਮਿਲਣੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਜਵਾਨ ਲੜਕੇ ‘ਤੇ ਲੜਕੀਆਂ ਆਪਸ ‘ਚ ਮਿਲਦਿਆਂ ਮਿਲਦਿਆਂ ਆਪਣਾ ਜੀਵਨ ਇਕੱਠੇ ਬਿਤਾਉਣ ਦਾ ਫੈਸਲਾ ਆਪ ਹੀ ਕਰ ਲੈਂਦੇ ਹਨ। ਲੜਕੇ ‘ਤੇ ਲੜਕੀ ਦੇ ਮਾਪੇ ਇਸ ਸਭ ਕਾਸੇ ਦੀ ਭਿਣਕ ਹੁਦਿਆਂ ਵੀ ਆਪਣੇ ਆਪ ਨੂੰ ਇਸ ਤੋਂ ਅਣਜਾਣ ਸਮਝ ਕੇ ਦੇਖਦੇ ਰਹਿੰਦੇ ਹਨ। ਬੰਜਾਰ ਦੇ ਇਲਾਕੇ ‘ਚ ਬਹੁਤੇ ਪਿੰਡਾਂ ‘ਚ ਸਥਾਨਕ ਮੇਲੇ ਲੱਗਦੇ ਹਨ। ਇਨ੍ਹਾਂ ਮੇਲਿਆਂ ‘ਚ ਸਥਾਨਕ ਲੋਕ ਇਕੱਠੇ ਹੁੰਦੇ ਹਨ ਅਤੇ ਮੇਲੇ ਦਾ ਆਨੰਦ ਮਾਣਦੇ ਹਨ। ਪ੍ਰੇਮੀ ਜੋੜੇ ਪਹਿਲਾਂ ਬਣਾਈ ਯੋਜਨਾ ਅਨੁਸਾਰ ਮੇਲੇ ‘ਚ ਇਕੱਠੇ ਹੁੰਦੇ ਹਨ ਅਤੇ ਲੜਕਾ ਆਪਣੀ ਪ੍ਰੇਮਿਕਾ ਨੂੰ ਲੈ ਕੇ ਮੇਲੇ ‘ਚੋਂ ਹੀ ਖਿਸਕ ਜਾਂਦਾ ਹੈ । ਦੂਜਾ ਭਾਵ ਇਹ ਕਿ ਮੇਲਿਆਂ ਦਾ ਆਯੋਜਨ ਹੀ ਇਸ ਮਕਸਦ ਨੂੰ ਲੈ ਕੇ ਕੀਤਾ ਜਾਂਦਾ ਹੈ ਕਿ ਪ੍ਰੇਮੀ ਆਪਣੀਆਂ ਪ੍ਰੇਮਕਾਵਾਂ ਨੂੰ ਲੈ ਕੇ ਦੌੜ ਸਕਣ । ਇਸਤਰਾਂ ਕੁਝ ਸਮਾਂ ਰੂਪੋਸ਼ ਰਹਿਣ ਤੋਂ ਬਾਅਦ ਕੁਝ ਇੱਕ ਸਥਾਨਕ ਰਸਮਾਂ ਦੀ ਪੂਰਤੀ ਕਰਕੇ ਭੱਜਿਆ ਪ੍ਰੇਮੀ ਜੋੜਾ ਪਤੀ ਪਤਨੀ ਦਾ ਰੂਪ ਵਿੱਚ ਸਵੀਕਾਰ ਹੋ ਜਾਂਦਾ ਹੈ ਅਤੇ ਆਪਣੇ ਵਿਆਹੁਤਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ । ਬੰਜਾਰ ਦੇ ਇਲਾਕੇ ‘ਚ ਵਿਆਹਾਂ ਦੀ ਇਹ ਰਸਮ ਯੁਗਾਂ ਯੁਗਾਂਤਰਾਂ ਤੋ ਚੱਲ ਰਹੀ ਹੈ ਅਤੇ ਅੱਜ ਦੀ ਤਰੀਕ ਵਿੱਚ ਵੀ ਇਹ ਬਾਦਸਤੂਰ ਲਾਗੂ ਹੈ। ਲੜਕੀ ਦੀ ਸ਼ਾਦੀ ਦੇ ਮਾਮਲੇ ‘ਚ ਲੜਕੇ ਨਾਲ ਜਾਤ,ਇਲਾਕਾ,ਦੇਸ਼,ਵਿਦੇਸ਼ ਆਦਿ ਦਾ ਕੋਈ ਬਹੁਤਾ ਭਿਨ ਭੇਦ ਨਹੀਂ ਕੀਤਾ ਜਾਂਦਾ ਅਤੇ ਲੜਕੇ ਦੀ ਉਮਰ ਦਾ ਵੀ ਕੋਈ ਬਹੁਤਾ ਖਿਆਲ ਨਹੀਂ ਰੱਖਿਆ ਜਾਂਦਾ। ਇਸ ਇਲਾਕੇ ‘ਚ ਬਹੁਪਤਨੀ ਅਤੇ ਬਹੁਪਤੀ ਪ੍ਰਥਾ ਵੀ ਅਜੇ ਤੱਕ ਵੀ ਕਿਧਰੇ ਕਿਧਰੇ ਵੇਖਣ ਨੂੰ ਮਿਲ ਜਾਂਦੇ ਹਨ ।.ਕਈ ਵੇਰ ਬਾਹਰ ਤੋਂ ਗਏ ਵਡੇਰੀ ਉਮਰ ਦੇਅਮੀਰ ਵੀ ਆਪਣੇ ਪੈਸੇ ਦੀ ਚਮਕ ਦਮਕ ਅਤੇ ਕਾਰਾਂ ਦੀ ਲਿਸ਼ਕੋਰ ਨਾਲ ਅੱਲੜ੍ਹ ਕੁੜੀਆਂ ਨੂੰ ਆਪਣੇ ਜਾਲ ‘ਚ ਫਸਾ ਲੈਂਦੇ ਹਨ ਪਰ ਬੰਜਾਰ ਦੇ ਵਸਨੀਕ ਇਸ ਗੱਲ ਨੂੰ ਬਹੁਤ ਮਹੱਤਵ ਨਹੀਂ ਦਿੰਦੇ । ਬੰਜਾਰ ਦੇ ਇਲਾਕੇ ਦੀਆਂ ਲੜਕੀਆਂ ਇਸੇ ਰਸਮ ਅਨੁਸਾਰ ਵਿਆਹ ਕਰਵਾ ਕੇ ਦੇਸ਼ ਵਿਦੇਸ਼ ‘ਚ ਵੱਸ ਚੁੱਕੀਆਂ ਹਨ। ਕੁਝ ਇੱਕ ਵਿਦੇਸ਼ੀਆਂ ਵੱਲੋਂ ਇਸ ਇਲਾਕੇ ਦੀਆਂ ਸੁੰਦਰ ਲੜਕੀਆਂ ਨਾਲ ਵਿਆਹ ਕਰਵਾ ਕੇ ਇਸ ਇਲਾਕੇ ਦੇ ਲੋਕਾਂ ਨੂੰ ਸੁੰਦਰ ਘਰ ਬਣਾ ਕੇ ਦਿੱਤੇ ਹੋਏ ਹਨ ਪਰੰਤੂ ਦਿਲ ਵਲੂੰਧਰ ਵਾਲੀ ਗੱਲ ਇਹ ਹੁੰਦੀ ਇਹ ਹੁੰਦੀ ਹੈ ਕਿ ਬਹੁਤ ਸਾਰੇ ਅਣਜਾਨ ਬੇਈਮਾਨ ਲੋਕ ਇਸ ਰਸਮ ਦਾ ਗਲਤ ਫਾਇਦਾ ਉਠਾਉਂਦੇ ਹੋਏ ਮਾਸੂਮ ਲੜਕੀਆਂ ਦੀਆਂ ਜਿੰਦਗੀਆਂ ਨਾਲ ਖੇਡ ਕੇ ਰੂਪੋਸ਼ ਹੋ ਜਾਂਦੇ ਹਨ ਅਤੇ ਉਹ ਉਮਰ ਭਰ ਅਣਜਾਣ ਪਿਤਾ ਦੀ ਔਲਾਦ ਨੂੰ ਪਾਲਣ ਅਤੇ ਉਨ੍ਹਾਂ ਦੇ ਕਾਰ ਦੇ ਵਿਹਾਰ ਦੇ ਚੱਕਰਾਂ ‘ਚ ਹੀ ਇਸ ਰਸਮ ਦੀ ਭੇਂਟ ਚੜ੍ਹ ਗਈ ਆਪਣੀ ਜਵਾਨੀ ਅਤੇ ਹੋਈ ਧੋਖੇਬਾਜੀ ਪ੍ਰਤੀ ਭਾਰਤ ਦੇ ਕਿਸੇ ਕਾਨੂੰਨ ਅਧੀਨ ਕਿਸੇ ਵਿਰੱਧ ਕੋਈ ਕਾਰਵਾਈ ਕਰਨ ਦੀ ਥਾਂ ‘ਤੇ ਆਪਣੀ ਉਮਰ ਗੁੰਮਨਾਮੀ ਦੇ ਹਨੇਰਿਆਂ ‘ਚ ਹੀ ਗਵਾ ਦਿੰਦੀਆਂ ਹਨ।

Send this to a friend