ਤਲਵੰਡੀ ਭਾਈ, 13 ਜੁਲਾਈ (ਗੁਰਸ਼ਰਨ ਕੰਗ)- ਭਾਰਤ ਸਰਕਾਰ ਦੇ ਸਕਿੱਲ ਡਵਿੱਲਪਮੈਂਟ ਮੰਤਰਾਲਾ ਵੱਲੋਂ ਚਲਾਈ ਜਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾਂ ਤਹਿਤ ਤਲਵੰਡੀ ਭਾਈ ਦੀ ਗੁਰੂ ਕ੍ਰਿਪਾ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਕੌਸ਼ਲ ਮੇਲਾ ਲਗਾਇਆ ਗਿਆ। ਜਿਸ ਦੌਰਾਨ ਕੌਸ਼ਲ ਵਿਕਾਸ ਯੋਜਨਾਂ ਦੇ ਟਰੇਨਿੰਗ ਪਾਰਟਨਰ ਸ੍ਰੀ ਮਨੀਸ਼ ਦੇਵਪਾਸੀ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾਂ ਨੂੰ ਕੇਂਦਰ ਸਰਕਾਰ ਦਾ ਕ੍ਰਾਂਤੀਕਾਰੀ ਕਦਮ ਕਰਾਰ ਦਿੰਦਿਆਂ ਇਸ ਯੋਜਨਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੋਜਨਾਂ ਤਹਿਤ ਚੱਲ ਰਹੇ ਅਦਾਰਿਆਂ ਅੰਦਰ ਸਾਲ 2020 ਤੱਕ 10 ਮਿਲੀਅਨ ਨੌਜਵਾਨਾਂ ਨੂੰ ਸਕਿੱਲ ਬਣਾਇਆ ਜਾਵੇਗਾ ਤਾਂ ਜੋ ਉਹ ਸਿਖਲਾਈ ਹਾਸਿਲ ਕਰਕੇ ਰੋਜਗਾਰ ਦੇ ਕਾਬਿਲ ਸਕਣ। ਇਸ ਨਾਲ ਦੇਸ਼ ਦੀ ਨੌਜਵਾਨ ਸ਼ਕਤੀ ਦਾ ਸਹੀ ਇਸਤੇਮਾਲ ਹੋਵੇਗਾ। ਮੇਲੇ ਦੌਰਾਨ ਨਾਇਬ ਤਹਿਸੀਲਦਾਰ ਤਲਵੰਡੀ ਭਾਈ ਗੁਰਮੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿੰਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਸਿੱਖਿਆਰਥੀਆਂ ਨੂੰ ਰੋਜਗਾਰ ਦੇ ਕਾਬਿਲ ਬਣ ਕੇ ਦੇਸ਼ ਨਿਰਮਾਣ ਵਿੱਚ ਭਰਵਾਂ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਗੁਰੂ ਕ੍ਰਿਪਾ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਦੇ ਸਰਬਜੀਤ ਸਿੰਘ ਅਰੋੜਾ ਨੇ ਸੰਬੋਧਨ ਕੀਤਾ। ਸਮਾਗਮ ਮੌਕੇ ਜੱਥੇ: ਸਤਪਾਲ ਸਿੰਘ ਤਲਵੰਡੀ ਭਾਈ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਅਮ੍ਰਿਤ ਲਾਲ ਛਾਬੜਾ ਜਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੁਰਚਰਨ ਸਿੰਘ, ਨਰਿੰਦਰਜੀਤ ਸਿੰਘ ਨਿੰਦੀ ਆਦਿ ਵੀ ਮੌਜੂਦ ਸਨ।