June 20, 2026 11:25 pm

ਪਿੰਡ ਲੇਲੇਵਾਲਾ ਵਿਖੇ ਐੱਫ. ਸੀ. ਆਈ. ਅਧਿਕਾਰੀਆਂ ਦਾ ਕਿਸਾਨਾਂ ਨੇ ਕੀਤਾ ਘੇਰਾਉ

ਤਲਵੰਡੀ ਸਾਬੋ 15 ਅਕਤੂਬਰ (ਰਣਜੀਤ ਸਿੰਘ ਰਾਜੂ) ਕਿਸਾਨਾਂ ਨੂੰ ਮੰਡੀਆਂ ਅੰਦਰ ਕੋਈ ਸਮੱਸਿਆ ਨਾਂ ਆਉਣ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਮੰਡੀਆਂ ਵਿੱਚ ਕਿਤੇ ਨਜਰ ਨਹੀ ਆ ਰਹੇ ਤੇ ਕਿਸਾਨਾਂ ਵੱਲੋਂ ਖਰੀਦ ਸਹੀ ਤਰੀਕੇ ਨਾਲ ਹੋਣ ਨੂੰ ਲੈ ਕੇ ਨਿੱਤ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨੇੜਲੇ ਪਿੰਡ ਲੇਲੇਵਾਲਾ ਵਿਖੇ ਸਾਹਮਣੇ ਆਇਆ ਜਿੱਥੇ ਬੀਤੀ ਦੇਰ ਸ਼ਾਮ ਖਰੀਦ ਕਰ ਰਹੀ ਏਜੰਸੀ ਐੱਫ.ਸੀ.ਆਈ ਦੇ ਅਧਿਕਾਰੀਆਂ ਵੱਲੋਂ ਖਰੀਦ ਸਹੀ ਢੰਗ ਨਾਲ ਨਾਂ ਕਰਨ ਕਰਕੇ ਪਿੰਡ ਦੇ ਕਿਸਾਨਾਂ ਨੇ ਮੰਡੀ ਦੇ ਰਾਸਤੇ ਤੇ ਧਰਨਾ ਲਾ ਕੇ ਐੱਫ.ਸੀ.ਆਈ ਅਧਿਕਾਰੀਆਂ ਦਾ ਘਿਰਾਊ ਕਰ ਲਿਆ।ਬਾਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਖਰੀਦ ਸਹੀਤ ਤਰੀਕੇ ਨਾਲ ਸ਼ੁਰੂ ਕਰਵਾਉਣ ਦੇ ਭਰੋਸੇ ਤੋਂ ਬਾਦ ਘਿਰਾਉ ਖਤਮ ਕੀਤਾ ਗਿਆ। ਅੱਜ ਖਰੀਦ ਸਹੀ ਢੰਗ ਨਾਲ ਸ਼ੁਰੂ ਹੋਣ ਦੀ ਖਬਰ ਮਿਲੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਬੀਤੀ ਦੇਰ ਸ਼ਾਮ ਪਿੰਡ ਲੇਲੇਵਾਲਾ ਦੇ ਕਿਸਾਨਾਂ ਨੇ ਐੱਫ.ਸੀ.ਆਈ ਅਧਿਕਾਰੀਆਂ ਤੇ ਝੋਨੇ ਦੀ ਖਰੀਦ ਸ਼ੁਰੂ ਹੋਣ ਦੇ 15 ਦਿਨ ਬੀਤ ਜਾਣ ਦੇ ਬਾਵਜੂਦ ਸਹੀ ਤਰੀਕੇ ਨਾਲ ਖਰੀਦ ਨਾਂ ਕਰਨ ਕਰਕੇ ਮੰਡੀ ਦੇ ਗੇਟ ਨੂੰ ਰੋਕ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਐੱਫ.ਸੀ.ਆਈ ਇੰਸਪੈਕਟਰ ਸੰਜੀਵ ਕੁਮਾਰ ਤੇ ਏਜੰਸੀ ਦੇ ਇੱਕ ਉੱਚ ਅਧਿਕਾਰੀ ਬਾਲਾਕ੍ਰਿਸ਼ਨ ਦਾ ਘਿਰਾਉ ਕਰ ਲਿਆ। ਕਿਸਾਨਾਂ ਦਾ ਦੋਸ਼ ਸੀ ਕਿ ਅਧਿਕਾਰੀ ਜਾਣਬੁੱਝ ਕੇ ਝੋਨੇ ਦੇ ਦਾਨਿਆਂ ਵਿੱਚ ਦਾਗ ਦੱਸ ਕੇ ਉਸਦੀ ਖਰੀਦ ਕਰਨ ਤੋਂ ਟਾਲਾ ਵੱਟ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਹੋਰ ਤਾਂ ਹੋਰ ਝੋਨੇ ਦੀ ਖਰੀਦ ਸਰਕਾਰੀ ਤੌਰ ਤੇ ਇੱਕ ਤਾਰੀਖ ਤੋਂ ਸ਼ੁਰੂ ਹੋਈ ਹੈ ਜਦੋਂਕਿ ਅੱਜ 14 ਦਿਨ ਬੀਤ ਜਾਣ ਦੇ ਬਾਵਜੂਦ ਮੰਡੀ ਵਿੱਚ ਬਾਰਦਾਨਾ ਤੱਕ ਨਹੀ ਪਹੁੰਚਿਆ। ਅਧਿਕਾਰੀਆਂ ਦੇ ਘਿਰਾਉ ਦੀ ਖਬਰ ਮਿਲਦਿਆਂ ਹੀ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਮਹਿੰਦਰ ਸਿੰਘ ਢਿੱਲੋਂ ਤੇ ਐੱਸ.ਐੱਚ.ਓ ਸੰਦੀਪ ਭਾਟੀ ਤੇ ਸਰਪੰਚ ਮੇਜਰ ਰਾਮ ਮੌਕੇ ਤੇ ਪੁੱਜੇ ਤੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਆਖਿਰ ਵਿੱਚ ਨਾਇਬ ਤਹਿਸੀਲਦਾਰ ਵੱਲੋਂ ਕੱਲ੍ਹ 15 ਅਕਤੂਬਰ ਤੋਂ ਖਰੀਦ ਸਹੀ ਢੰਗ ਨਾਲ ਸ਼ੁਰੂ ਕਰਵਾਉਣ ਦੇ ਭਰੋਸੇ ਤੋਂ ਬਾਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕੀਤਾ। ਉੱਧਰ ਅੱਜ ਪਤਾ ਲੱਗਾ ਹੈ ਕਿ ਧਰਨੇ ਦਾ ਅਸਰ ਦਿਖਾਈ ਦਿੱਤਾ ਤੇ ਪਿੰਡ ਦੀ ਮੰਡੀ ਵਿੱਚ ਖਰੀਦ ਸਹੀ ਢੰਗ ਨਾਲ ਸ਼ੁਰੂ ਹੋ ਗਈ ਹੈ। ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ,ਲਖਵੀਰ ਸਿੰਘ ਖੀਰੂ ਪੰਚ, ਅਕਾਲੀ ਦਲ ਮਾਨ ਆਗੂ ਰਾਮ ਸਿੰਘ ਲੇਲੇਵਾਲਾ, ਬਸੰਤ ਸਿੰਘ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਆਦਿ ਹਾਜਿਰ ਸਨ।

Send this to a friend