ਮੁੰਬਈ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਆਪਣਾ ਆਖਰੀ 200ਵਾਂ ਟੈਸਟ ਕਿੱਥੇ ਖੇਡਣਗੇ ਇਹ ਤੈਅ ਹੋ ਗਿਆ ਹੈ। ਬੀ. ਸੀ. ਸੀ. ਆਈ. ਨੇ ਫੈਸਲਾ ਕੀਤਾ ਹੈ ਕਿ ਸਚਿਨ ਦਾ ਆਖਰੀ ਟੈਸਟ ਮੁੰਬਈ ਦੇ ਵਾਨਖੇੜੇ ਮੈਦਾਨ ‘ਚ ਹੋਵੇਗਾ। ਬੀ. ਸੀ. ਸੀ. ਆਈ. ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਇਸ ਗੱਲ ਦਾ ਐਲਾਨ ਹੁਣ ਸਿਰਫ਼ ਉਪਚਾਰਿਕਤਾ ਹੈ। ਸਚਿਨ ਦੀ ਵਿਦਾਈ ਨੂੰ ਯਾਦਗਾਰ ਬਣਾਉਣ ਲਈ ਹੀ ਬੀ. ਸੀ. ਸੀ. ਆਈ ਨੇ ਵੈਸਟਇੰਡੀਜ ਨੂੰ ਦੋ ਟੈਸਟ ਸੀਰੀਜ ਲਈ ਭਾਰਤ ਬੁਲਾਉਣ ਦਾ ਫੈਸਲਾ ਲਿਆ ਸੀ ਪਰ ਅਜੇ ਤੱਕ ਇਹ ਤੈਅ ਨਹੀਂ ਸੀ ਕਿ ਇਹ ਟੈਸਟ ਮੈਚ ਕਿੱਥੇ ਖੇਡੇ ਜਾਣਗੇ। ਬਾਜੀ ਆਖ਼ਿਰਕਾਰ ਮੁੰਬਈ ਦੇ ਹੱਥ ਲੱਗੀ। ਸਚਿਨ ਵੀ ਘਰੇਲੂ ਦਰਸ਼ਕਾਂ ਦੇ ਵਿੱਚ ਮੁੰਬਈ ‘ਚ ਹੀ ਆਪਣਾ ਆਖਰੀ ਟੈਸਟ ਖੇਡਣਾ ਚਾਹੁੰਦੇ ਸਨ। 6 ਤੋਂ 10 ਨਵੰਬਰ ਨੂੰ ਹੋਣ ਵਾਲਾ ਸਚਿਨ ਦਾ 199ਵਾਂ ਟੈਸਟ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋਵੇਗਾ। ਮੁੰਬਈ ਟੈਸਟ 14-18 ਨਵੰਬਰ ਨੂੰ ਹੋਵੇਗਾ।