ਫਰੀਦਕੋਟ 15 ਅਕਤੂਬਰ (ਗੁਰਪ੍ਰੀਤ ਸਿੰਘ)-ਝੋਨੇ ਦੀ ਖਰੀਦ, ਲਿਫਟਿੰਗ ਆਦਿ ਦਾ ਜਾਇਜ਼ਾ ਲੈਣ ਅਤੇ ਆੜ੍ਹਤੀਆਂ, ਕਿਸਾਨਾਂ ਤੇ ਸ਼ੈਲਰ ਮਾਲਕਾਂ ਦੀਆਂ ਮੁਸ਼ਕਿਲਾਂ ਸੁਨਣ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਵੱਲੋਂ ਫਰੀਦਕੋਟ ਦੀ ਪ੍ਰਮੁੱਖ ਅਨਾਜ ਮੰਡੀ ਸਾਦਿਕ, ਮਚਾਕੀ ਕਲਾਂ,ਦੀਪ ਸਿੰਘ ਵਾਲਾ, ਬੁੱਟਰ, ਗੋਲੇਵਾਲਾ, ਕੋਠੇ ਮਲੂਕਾ ਪੱਤੀ ਸਮੇਤ ਵੱਡੀ ਗਿਣਤੀ ਵਿਚ ਖਰੀਦ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਜਿਲ੍ਹਾ ਖੁਰਾਕ ਤੇ ਸਪਲਾਈਜ ਕੰਟੋਰਲਰ, ਸ੍ਰ. ਕੁਲਬੀਰ ਸਿੰਘ ਮੱਤਾ ਜਿਲ੍ਹਾ ਮੰਡੀ ਅਫਸਰ ਤੋਂ ਇਲਾਵਾ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜਰ ਸਨ।
ਸ੍ਰੀ ਮੁਹੰਮਦ ਤਇਅਬ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਵਾਸਤੇ 67 ਖਰੀਦ ਕੇਂਦਰ ਕਾਇਮ ਕੀਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ ਇਸ ਸੀਜ਼ਨ ਦੌਰਾਨ ਮੰਡੀਆਂ ਵਿਚ 1,08,177 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਵਿਚ ਖਰੀਦ, ਲਿਫਟਿੰਗ ਅਤੇ ਕਿਸਾਨਾਂ ਨੂੰ ਅਦਾਇਗੀ ਸਬੰਧੀ ਕਿਸੇ ਤਰਾਂ ਦੀ ਦਿੱਕਤ ਨਹੀ ਆ ਰਹੀ ਹੈ । ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 18.69 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ, ਆੜ੍ਹਤੀਆਂ, ਲੇਬਰ, ਸ਼ੈਲਰ ਮਾਲਕਾਂ ਅਤੇ ਟਰੱਕ ਅਪਰੇਟਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ਤੇ ਆਦੇਸ਼ ਜਾਰੀ ਕੀਤੇ।
ਉਨ੍ਹਾਂ ਕੰਬਾਇਨ ਮਾਲਕਾਂ ਅਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸ਼ਾਮ 7 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨ ਨਾ ਚਲਾਈ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਫਸਲ ਪੂਰੀ ਤਰਾਂ ਪੱਕ ਜਾਣ ਤੋਂ ਬਾਅਦ ਹੀ ਕਟਾਈ ਕੀਤੀ ਜਾਵੇ ਅਤੇ ਗਿੱਲਾ ਜਾਂ ਹਰਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੂਰੀ ਤਰਾਂ ਸੁਕਾ ਕੇ ਝੋਨਾ ਮੰਡੀ ਵਿਚ ਲਿਆਉਣ ਤਾਂ ਜੋ ਕਿਸਾਨਾਂ ਨੂੰ ਝੋਨੇ ਦੇ ਮੰਡੀ ਕਰਨ ਵਿਚ ਕੋਈ ਦਿੱਕਤ ਨਾ ਆਵੇ।