ਅੰਮ੍ਰਿਤਸਰ, 3 ਜੁਲਾਈ (ਦਵਾਰਕਾ ਨਾਥ ਰਾਣ)- ਪੰਜਾਬ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਗੈਂਗਸਟਰਾਂ ਤੋਂ ਮੁੱਕਤ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਤਹਿਤ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਡੀ. ਆਈ. ਜੀ. ਜੇਲ੍ਹ ਸ੍ਰੀ ਸੁਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਛਾਪਾ ਮਾਰਿਆ ਗਿਆ, ਜਿਸ ਵਿਚ ਪੁਲਿਸ ਦੇ ਹੱਥ 24 ਮੋਬਾਈਲ ਫੋਨ, ਮੋਬਾਈਲ ਚਾਰਜਰ, ਮੋਬਾਈਲ ਬੈਟਰੀਆਂ ਅਤੇ 5300 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। ਇਸ ਬਾਰੇ ਪ੍ਰੈਸ ਕਾਨਫਰੰਸ ਵਿਚ ਖੁਲਾਸਾ ਕਰਦੇ ਹੋਏ ਸ੍ਰੀ ਸੈਣੀ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਧਿਕਾਰੀਆਂ ਤੇ ਜਵਾਨਾਂ ਦੀ ਸਹਾਇਤਾ ਨਾਲ ਇਹ ਸਾਂਝਾ ਅਪਰੇਸ਼ਨ ਸਵੇਰੇ ਸ਼ੁਰੂ ਕੀਤਾ ਗਿਆ, ਜਿਸ ਚਿ ਸੁਪਰਡੈਂਟ ਜੇਲ ਹਰਿੰਦਰਜੀਤ ਸਿੰਘ, ਏ ਡੀ ਸੀ ਪੀ ਕ੍ਰਾਇਮ ਪਰਮਜੀਤ ਸਿੰਘ, ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ, ਡਿਪਟੀ ਸੁਪਰਡੈਂਟ ਸ੍ਰੀ ਵਿਜੈ ਕੁਮਾਰ, ਏ ਸੀ ਪੀ ਕੇਂਦਰੀ ਤੇ ਪੂਰਬੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਸਾਰੀਆਂ ਬੈਰਕਾਂ, ਚੱਕੀਆਂ, ਲੰਗਰ ਹਾਲ, ਨਸ਼ਾ ਛੁਡਾਊ ਕੇਂਦਰ ਅਤੇ ਹਾਈ ਸਕਿਉਰਟੀ ਜੋਨਾਂ ਦੀ ਘੇਰਾ ਬੰਦੀ ਕਰਕੇ ਸਰਚ ਅਪਰੇਸ਼ਨ ਚਲਾਇਆ ਗਿਆ, ਜੋ ਕਿ ਸਵੇਰੇ ਕਰੀਬ ਸਾਢੇ ਅੱਠ ਵਜੇ ਤੱਕ ਜਾਰੀ ਰਿਹਾ। ਉਨਾਂ ਦੱਸਿਆ ਕਿ ਪੁਲਿਸ ਦੇ ਜਵਾਨਾਂ ਦੀ ਸਹਾਇਤਾ ਨਾਲ 24 ਮੋਬਾਈਲ ਫੋਨ ਅਤੇ ਹੋਰ ਸਮਾਨ ਵੱਖ-ਵੱਖ ਬੈਰਕਾਂ ਵਿਚੋਂ ਬਰਾਮਦ ਹੋਏ ਹਨ। ਉਨਾਂ ਕਿਹਾ ਕਿ ਜਿੰਨਾਂ ਕੈਦੀਆਂ ਜਾਂ ਹਵਾਲੀਆਂ ਕੋਲੋਂ ਮੋਬਾਈਲ ਫੋਨ ਮਿਲੇ ਹਨ, ਉਨਾਂ ਖਿਲਾਫ ਕੇਸ ਦਰਜ ਕਰਕੇ ਤਹਿਕੀਕਾਤ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਫੋਨ ਕਿਸ ਤਰਾਂ ਜੇਲ੍ਹ ਵਿਚ ਪਹੁੰਚੇ ਅਤੇ ਇੰਨਾਂ ਫੋਨਾਂ ਤੋਂ ਬਾਹਰ ਕਿੰਨਾ ਨੰਬਰਾਂ ’ਤੇ ਗੱਲ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਅਪਰੇਸ਼ਨ ਜੇਲਾਂ ਨੂੰ ਅਪਰਾਧ ਅਤੇ ਨਸ਼ੇ ਤੋਂ ਮੁੱਕਤ ਕਰਨ ਵਾਸਤੇ ਜਾਰੀ ਰਹਿਣਗੇ।
ਉਨ੍ਹਾਂ ਦੱਸਿਆ ਕਿ ਜੇਲ੍ਹ ਦੀ ਨਿਗਰਾਨੀ ਵਿਚ ਵੀ ਵਾਧਾ ਕੀਤਾ ਗਿਆ ਹੈ, ਤਾਂ ਜੋ ਬਾਹਰੋਂ ਕੋਈ ਅਜਿਹਾ ਸਮਾਨ ਨਾ ਸਪਲਾਈ ਕਰ ਸਕੇ।