ਮਾਨਸਾ, 29 ਜੂਨ (ਸ਼ਾਮ ਲਾਲ)- ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਅਤੇ 10 ਇੰਜੀਨਿਅਰ ਰੈਜੀਮੈਂਟ ਬਠਿੰਡਾ ਮਿਲਟਰੀ ਸਟੇਸ਼ਨ ਬਠਿੰਡਾ ਦੇ ਕੈਪਟਨ ਅਨੁਰਾਗ ਜੈਸਵਾਲ ਨੇ ਸਾਂਝੇ ਤੌਰ ’ਤੇ ਸਰਦੂਲਗੜ੍ਹ ਵਿਖੇ ਘੱਗਰ ਦਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਸ਼੍ਰੀ ਗੁਪਤਾ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਪੁਖ਼ਤਾ ਪ੍ਰਬੰਧ ਹਨ, ਜਿਸ ਕਾਰਨ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਵਿਚ ਲੋਕਾਂ ਨੂੰ ਰਾਹਤ ਦੇਣ ਲਈ ਜ਼ਿਲ੍ਹੇ ਅੰਦਰ ਰਿਲੀਫ਼ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਐਕਸੀਅਨ ਡਰੇਨਜ਼ ਨੂੰ ਹਦਾਇਤ ਕੀਤੀ ਖਾਲੀ ਬੈਗਜ਼ ਦਾ ਵੀ ਪੁਖ਼ਤਾ ਪ੍ਰਬੰਧ ਰੱਖਿਆ ਜਾਵੇ, ਤਾਂ ਜੋ ਹੜ੍ਹ ਆਉਣ ਦੀ ਸੂਰਤ ਵਿਚ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਪਿੰਡ ਕੁਸਲਾ ਵਿਖੇ ਭਾਖੜਾ ਹੈਡ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਤੋਂ ਹੜ੍ਹਾਂ ਦੌਰਾਨ ਉਸ ਦੀ ਸਥਿਤੀ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪਿੰਡ ੳਲਕ ਵਿਖੇ ਉਚੇ ਪਿੰਡਾਂ ਨੂੰ ਪਾਣੀ ਪਹੁੰਚਾਉਣ ਲਈ ਲੱਗੀ ਲਿਫਟ ਦਾ ਵੀ ਦੌਰਾ ਕੀਤਾ। ਇਸ ਲਿਫਟ ਰਾਹੀਂ ਉਸ ਇਲਾਕੇ ਦੇ ਉਚੇ ਪਿੰਡਾਂ ਉਲਕ, ਮੀਆਂ, ਝੇਰਿਆਂਵਾਲੀ ਅਤੇ ਜੋੜਕੀਆਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ। ਸ਼੍ਰੀ ਗੁਪਤਾ ਨੇ ਕਿਹਾ ਕਿ ਸੰਭਾਵੀਂ ਹੜ੍ਹਾਂ ਦੀ ਸਥਿਤੀ ਵਿਚ ਇਨਸਾਨਾਂ ਅਤੇ ਪਸ਼ੂਆਂ ਦੀਆਂ ਦਵਾਈਆਂ, ਮਿੱਟੀ ਦੇ ਗੱਟਿਆਂ, ਟਰੈਕਟਰ-ਟਰਾਲੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦਾ ਪੁਖ਼ਤਾਂ ਪ੍ਰਬੰਧ ਕੀਤੇ ਜਾ ਚੁੱਕੇ ਹਨ, ਤਾਂ ਜੋ ਮੌਕੇ ’ਤੇ ਕਿਸੇ ਕਿਸਮ ਦੀ ਦਿਕੱਤ ਪੇਸ਼ ਨਾ ਆਵੇ। ਕੈਪਟਨ ਅਨੁਰਾਗ ਜੈਸਵਾਲ ਨੇ ਕਿਹਾ ਕਿ ਇਲਾਕਾ ਵਾਸੀਆਂ ਨੂੰ ਬਿਲਕੁੱਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਰਮੀ ਕੋਲ ਟਰੇਂਡ ਬਚਾਵ ਦਸਤੇ ਮੌਜੂਦ ਹਨ, ਜੋ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਆਰਮੀ ਨੇ ਇਸ ਸਬੰਧੀ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਆਉਣ ਦੀ ਸੂਰਤ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਆਰਮੀ ਵੱਲੋਂ ਮਿਲ ਕੇ ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾਵੇਗੀ।