June 14, 2026 6:38 am

ਸਰਕਾਰ ਵੱਲੋਂ ਲਗਾਏ ਨਜਾਇਜ਼ ਪ੍ਰਾਪਰਟੀ ਟੈਕਸ ਦੇ ਵਿਰੋਧ ਵਿੱਚ ਸੰਸਦ ਮੈਂਬਰ ਅਤੇ ਵਿਧਾਇਕ ਵੱਲੋਂ ਐੱਸ.ਡੀ.ਐੱਮ. ਨੂੰ ਮੰਗ ਪੱਤਰ

ਸਮਰਾਲਾ, 14 ਅਕਤੂਬਰ (ਕਮਲਜੀਤ)–ਅੱਜ ਹਲਕਾ ਸਮਰਾਲਾ ਦੇ ਵਿਧਾਇਕ ਸ. ਅਮਰੀਕ ਸਿੰਘ ਢਿੱਲੋਂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਦੀ ਅਗਵਾਈ ਹੇਠ ਕਾਲੋਨਾਈਜ਼ਰਾਂ ਅਤੇ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ ਪੰਜਾਬ ਸਰਕਾਰ ਵੱਲੋਂ ਲੋਕਾਂ ਉੱਤੇ ਪਾਏ ਗਏ ਨਜਾਇਜ਼ ਪ੍ਰਾਪਰਟੀ ਟੈਕਸ ਦੇ ਵਿਰੋਧ ਵਿੱਚ ਸਥਾਨਕ ਐੱਸ.ਡੀ.ਐੱਮ. ਸ੍ਰੀ ਅਣਸ਼ਿਆਮ ਥੋਰੀ ਨੂੰ ਮਿਲਿਆ ਅਤੇ ਸਰਕਾਰ ਨੂੰ ਭੇਜਣ ਲਈ ਇੱਕ ਮੈਮੋਰੰਡਮ ਦਿੱਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਮੰਗ ਕੀਤੀ ਗਈ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਇਨ੍ਹਾਂ ਟੈਕਸਾਂ ਬਾਰੇ ਮੁੜ ਤੋਂ ਵਿਚਾਰ ਕੀਤਾ ਜਾਵੇ, ਦਿੱਲੀ ਸਟੇਟ ਵਾਂਗ ਕਲੋਨੀਆਂ ਨੂੰ ਰੈਗੂਲਰਾਈਜ਼ ਕੀਤਾ ਜਾਵੇ, ਪੁੱਡਾ ਕਾਨੂੰਨ ਵਿੱਚ ਸੋਧ ਕੀਤੀ ਜਾਵੇ ਅਤੇ 30 ਦਿਨਾਂ ਵਿੱਚ ਸਿੰਗਲ ਵਿੰਡੋ ‘ਤੇ ਨਕਸ਼ਾ ਪਾਸ ਕੀਤਾ ਜਾਵੇ। ਇਸ ਤੋਂ ਬਾਅਦ ਕੁਝ ਜਾਣਕਾਰੀ ਪ੍ਰਾਪਤ ਕਰਨ ਲਈ ਸੰਸਦ ਮੈਂਬਰ ਲਿਬੜਾ ਤੇ ਵਿਧਾਇਕ ਢਿੱਲੋਂ ਨੇ ਬੀ.ਡੀ.ਪੀ.ਓ. ਨੂੰ ਮਿਲਣ ਲਈ ਉਸਦੇ ਦਫ਼ਤਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਾ ਹੋਣ ‘ਤੇ ਜਦੋਂ ਉਕਤ ਦਫ਼ਤਰ ਵਿਖੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਗਏ ਤਾਂ ਬੀ.ਡੀ.ਪੀ.ਓ. ਗੈਰ-ਹਾਜ਼ਰ ਪਾਇਆ ਗਿਆ, ਜਿਸਦੀ ਗੈਰ-ਹਾਜ਼ਰੀ ਤੁਰੰਤ ਦਫ਼ਤਰ ਦੇ ਰਜਿਸਟਰ ਵਿੱਚ ਲਿਖ ਕੇ ਐੱਸ.ਡੀ.ਐੱਮ. ਦੀ ਫੋਨ ਰਾਹੀਂ ਸੂਚਨਾ ਦੇ ਦਿੱਤੀ ਗਈ। ਉਪਰੰਤ ਇਹੋ ਕਾਫ਼ਲਾ ਸਥਾਨ ਅਨਾਜ ਮੰਡੀ ਵਿੱਚ ਵੀ ਰੁਲ਼ ਰਹੀ ਝੋਨੇ ਦੀ ਫ਼ਸਲ ਅਤੇ ਰੁਲ਼ ਰਹੇ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਵੀ ਗਿਆ, ਜਿੱਥੇ ਵਿਧਾਇਕ ਢਿੱਲੋਂ ਨੇ ਦੱਸਿਆ ਹੈ ਕਿ 17% ਤੋਂ ਉੱਪਰ ਝੋਨਾ ਬਦਰੰਗ ਹੋ ਚੁੱਕਿਆ ਹੈ, ਪਿਛਲੇ ਚਾਰ ਦਿਨਾਂ ਤੋਂ ਕੋਈ ਵੀ ਖਰੀਦ ਏਜੰਸੀ ਝੋਨੇ ਦੀ ਖਰੀਦ ਨਹੀਂ ਕਰ ਰਹੀ, ਜਿਸਦੇ ਸਿੱਟੇ ਵਜੋਂ ਕਿਸਾਨਾਂ ਦਾ ਬੁਰਾ ਹਾਲ ਹੋ ਰਿਹਾ ਹੈ। ਸੰਸਦ ਮੈਂਬਰ ਨੇ ਇਹ ਜਾਣਕਾਰੀ ਤੁਰੰਤ ਕੇਂਦਰ ਦੇ ਸਬੰਧਤ ਮੰਤਰੀ ਨੂੰ ਦੇਣ ਦਾ ਐਲਾਨ ਕੀਤਾ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਜੱਸੀ, ਹਰਦੀਪ ਸਿੰਘ ਢਿੱਲੋਂ, ਅਜਮੇਰ ਸਿੰਘ ਪੂਰਬਾ, ਹਰਪਾਲ ਸਿੰਘ ਢਿੱਲੋਂ, ਅਨਿਲ ਕੁਮਾਰ ਜੋਸ਼ੀ, ਸਰਪੰਚ ਜਤਿੰਦਰ ਸਿੰਘ ਜੋਗਾ, ਲਬੀ ਢਿੱਲੋਂ, ਸਨੀ ਦੂਆ, ਸਿੱਧੂ ਖੀਰਨੀਆਂ, ਮਨਜੀਤ ਸਿੰਘ, ਬੌਬੀ ਖੁੱਲਰ, ਨਰੇਸ਼ ਖੁੱਲਰ, ਦੀਪਕ ਖੁੱਲਰ ਅਤੇ ਇੰਦਰਜੀਤ ਸਿੰਘ ਆਦਿ ਸ਼ਾਮਿਲ ਸਨ।