ਵਿਧਾਇਕ ਡਾ. ਅਗਨੀਹੋਤਰੀ, ਸੁਖਪਾਲ ਭੁਲ੍ਹਰ ਤੇ ਡੀ.ਸੀ. ਵੱਲੋਂ ਬੈਂਕ ਬ੍ਰਾਂਚ ਤੇ ਐਲ.ਈ.ਡੀ. ਸਕਰੀਨ ਦਾ ਉਦਘਾਟਨ

image ਤਰਨਤਾਰਨ, 27 ਜੂਨ (ਆਹਲੂਵਾਲੀਆ, ਰਵਿੰਦਰ ਕੱਕੜ)- ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਬਿਨ੍ਹਾਂ ਖੱਜਲ ਖੁਆਰੀ ਦੇ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵੱਖ ਵੱਖ ਲਾਭਾਕਰੀ ਸਕੀਮਾਂ ਦੀ ਜਾਣਕਾਰੀ ਨੂੰ ਦਰਸ਼ਾਉਣ ਵਾਲੇ ਡਿਸਪਲੇ ਬੋਰਡ ਦਾ ਉਦਘਾਟਨ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁਲ੍ਹਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸਤੋਂ ਇਲਾਵਾ ਕੰਪਲੈਕਸ ਵਿਚ ਸਹਿਕਾਰੀ ਬੈਂਕ ਦੀ ਬ੍ਰਾਂਚ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਦ ਕਰਦੇ ਹੋਏ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਕਿਹਾ ਕਿ ਕੰਪਲੈਕਸ ਦੇ ਬਾਹਰ ਇਹ ਡਿਸਪਲੇ ਬੋਰਡ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ ਵੱਖ ਲਾਭਕਾਰੀ ਸਕੀਮਾਂ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤਰਨਤਾਰਨ ਪਹਿਲਾ ਜ਼ਿਲ੍ਹਾ ਹੈ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਐਲ.ਈ.ਡੀ. ਸਕਰੀਨ ਲਗਾਈ ਗਈ ਹੈ। ਇਸ ਮੌਕੇ ਬੋਲਦੇ ਹੋਏ ਸੁਖਪਾਲ ਸਿੰਘ ਭੁਲ੍ਹਰ ਵਿਧਾਇਕ ਖੇਮਕਰਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਲੋਕ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਜੋੜਨਾ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਜੇਕਰ ਸਕੀਮਾਂ ਬਾਰੇ ਜਾਣਕਾਰੀ ਹੋਵੇਗੀ ਤਾਂ ਉਹ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਵਰਗ ਨੂੰ ਬਿਨ੍ਹਾਂ ਭੇਦ ਭਾਵ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਹੁਤ ਬੇਹਤਰੀਨ ਸਕੀਮਾਂ ਲੋਕਾਂ ਵਾਸਤੇ ਬਣਾਈਆਂ ਹਨ ਪਰੰਤੁ ਲੋਕਾਂ ਨੂੰ ਸਕੀਮਾਂ ਦਾ ਨਾ ਪਤਾ ਹੋਣ ਕਾਰਨ ਉਹ ਲਾਭ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਸਾਫ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇਹ ਸਕਰੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀਆਂ ਸਕਰੀਨਾਂ ਜ਼ਿਲ੍ਹੇ ਵਿਚ ਹੋਰ ਥਾਵਾਂ ’ਤੇ ਵੀ ਲਾਈਆਂ ਜਾਣਗੀਆਂ ਤਾਂ ਜੋ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਸਕਣ। ਇਸ ਮੌਕੇ ’ਤੇ ਉਨ੍ਹਾਂ ਨਾਲ ਐਸ.ਐਸ.ਪੀ. ਸ੍ਰੀ ਹਰਜੀਤ ਸਿੰਘ, ਏ.ਡੀ.ਸੀ. ਪ੍ਰੋ. ਰਕੇਸ਼ ਕੁਮਾਰ, ਐਸ.ਡੀ.ਐਮ. ਤਰਨਤਾਰਨ ਮੈਡਮ ਅਮਨਦੀਪ ਕੌਰ, ਡੀ.ਆਰ.ਓ. ਸ੍ਰੀ ਅਰਵਿੰਦਰਪਾਲ ਸਿੰਘ, ਜਨਰਲ ਸਹਾਇਕ ਸ਼ਿਕਾਇਤਾਂ ਸ੍ਰੀ ਰਜਨੀਸ਼ ਅਰੋੜਾ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

Send this to a friend