ਮਾਛੀਵਾੜਾ ਸਾਹਿਬ, 10 ਅਕਤੂਬਰ (ਕਰਮਜੀਤ ਸਿੰਘ ਆਜ਼ਾਦ)-ਸਥਾਨਕ ਦੁਸ਼ਹਿਰਾ ਮੈਦਾਨ ਵਿੱਚ ਕਰਵਾਏ ਗਏ ਰਾਮ ਲੀਲਾ ਦੇ ਮੰਚਨ ਦੀ 8ਵੀਂ ਰਾਤ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੋਹਣ ਲਾਲ ਸ਼ੇਰਪੁਰੀ ਨੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਦੀ ਆਰਤੀ ਕੀਤੀ। ਇਸ ਮੌਕੇ ਉਨਾਂ ਦਰਸ਼ਕਾਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਗਾਥਾ ਤੇ ਆਧਾਰਿਤ ਰਾਮਾਇਣ ਗ੍ਰੰਥ ਗਿਆਨ ਭਰਪੂਰ ਸਾਗਰ ਹੈ। ਇਸਦੀਆਂ ਸਿੱਖਿਆਵਾਂ ਤੇ ਚੱਲ ਕੇ ਜਿੱਥੇ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਉਥੇ ਹਰੇਕ ਵਿਅਕਤੀ ਆਪਣੇ ਪਰਿਵਾਰ ਸਮੇਤ ਸੁਖੀ ਜੀਵਨ ਬਤੀਤ ਕਰ ਸਕਦਾ ਹੈ। ਉਨਾ ਕਿਹਾ ਕਿ ਰਾਮਾਇਣ ਜਿੱਥੇ ਸਾਨੂੰ ਸੱਚਾਈ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਉਥੇ ਹਮੇਸ਼ਾਂ ਤਿਆਗ ਅਤੇ ਪ੍ਰੇਮ ਭਾਵਨਾ ਦਾ ਵੀ ਪ੍ਰਤੀਕ ਹੈ। ਇਸ ਮੌਕੇ ਦਿਖਾਏ ਗਏ ਦ੍ਰਿਸ਼ਾਂ ਵਿੱਚ ਭਗਵਾਨ ਸ੍ਰੀ ਰਾਮ ਨੇ ਭਿਲਣੀ ਦੇ ਮਿੱਠੇ ਜੂਠੇ ਬੇਰ ਖਾਧੇ ਅਤੇ ਬਾਲੀ ਦਾ ਅੰਤ ਕੀਤਾ। ਇਨ੍ਹਾਂ ਦਿਖਾਏ ਗਏ ਦ੍ਰਿਸ਼ਾਂ ਵਿੱਚ ਭਗਵਾਨ ਸ੍ਰੀ ਰਾਮ ਲਛਮਣ ਸਹਿਤ ਮਾਤਾ ਸੀਤਾ ਦੀ ਭਾਲ ਕਰਦੇ ਹੋਏ ਭਿਲਣੀ ਦੀ ਕੁਟੀਆ ਵਿੱਚ ਪਹੁੰਚ ਜਾਂਦੇ ਹਨ। ਭਿਲਣੀ ਜੋ ਕਿ ਕਾਫੀ ਸਮੇਂ ਤੋਂ ਭਗਵਾਨ ਸ੍ਰੀ ਰਾਮ ਦੇ ਇੰਤਜਾਰ ਵਿੱਚ ਦਿਨ ਰਾਤ ਆਪਣੀ ਕੁਟੀਆ ਸਾਫ ਕਰਦੀ ਰਹਿੰਦੀ ਸੀ, ਭਗਵਾਨ ਸ੍ਰੀ ਰਾਮ ਨੂੰ ਦੇਖਦਿਆਂ ਹੀ ਉਹ ਖੁਸ਼ੀ ਵਿੱਚ ਭਾਵੁਕ ਹੋ ਜਾਂਦੀ ਹੈ ਅਤੇ ਜੰਗਲ ਵਿੱਚੋਂ ਤੋੜ ਕੇ ਲਿਆਂਦੇ ਜੂਠੇ ਕੀਤੇ ਹੋਏ ਬੇਰ ਖਾਣ ਲਈ ਦਿੰਦੀ ਹੈ ਅਤੇ ਬਾਅਦ ਵਿੱਚ ਭਿਲਣੀ ਭਗਵਾਨ ਸ੍ਰੀ ਰਾਮ ਨੂੰ ਸੁਗਰੀਵ ਅਤੇ ਹਨੂੰਮਾਨ ਦਾ ਪਤਾ ਦੱਸਦੀ ਹੈ ਇਸ ਤਰ੍ਹਾਂ ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਪਰਮ ਭਗਤ ਮਹਾਂਵੀਰ ਸ਼੍ਰੀ ਹਨੂੰਮਾਨ ਜੀ ਨਾਲ ਮਿਲਾਪ ਹੁੰਦਾ ਹੈ ਅਤੇ ਬਾਅਦ ਵਿੱਚ ਸੁਗਰੀਵ ਦੇ ਨਾਲ ਵੀ ਮਿੱਤਰਤਾ ਹੋ ਜਾਂਦੀ ਹੈ ਜਿਸਦੇ ਤਹਿਤ ਭਗਵਾਨ ਸ੍ਰੀ ਰਾਮ ਉਸਦੀ ਪਤਨੀ ਨੂੰ ਬਾਲੀ ਦੀ ਕੈਦ ਤੋਂ ਛੁਡਾਉਣ ਲਈ ਬਾਲੀ ਦਾ ਅੰਤ ਕਰ ਦਿੰਦੇ ਹਨ ਅਤੇ ਸੁਗਰੀਵ ਨੂੰ ਕਿਸ਼ਕਿੰਦਾ ਦਾ ਰਾਜਾ ਬਣਾ ਦਿੰਦੇ ਹਨ। ਇਸ ਸਭਾ ਦੇ ਚੇਅਰਮੈਨ ਅਸ਼ੋਕ ਸੂਦ ਤੇ ਪ੍ਰਧਾਨ ਸੰਜੀਵ ਲੀਹਲ ਤੇ ਹੋਰਨਾਂ ਵੱਲੋਂ ਸੋਹਣ ਲਾਲ ਸ਼ੇਰਪੁਰੀ ਨੂੰ ਸਨਮਾਨਿਤ ਵੀ ਕੀਤਾ ਗਿਆ।