ਰੇਤ ਘਪਲੇ ਦੀ ਜਾਂਚ ਕੌਮੀ ਏਜੰਸੀਆਂ ਤੋਂ ਕਰਵਾਉਣ ਦੀ ਮੰਗ
ਚੰਡੀਗੜ੍ਹ, 13 ਜੂਨ- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਨੇ ਅਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਕਿਹਾ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਕੀਤੇ ਰੇਤ ਘਪਲੇ ਦੀ ਜਾਂਚ ਕੌਮੀ ਏਜੰਸੀਆਂ ਤੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਅਕਾਲੀ-ਭਾਜਪਾ ਗਠਜੋੜ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉੁਹ ਕਾਂਗਰਸ ਸਰਕਾਰ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਨ, ਅਮਨ ਤੇ ਕਾਨੂੰਨ ਦੀ ਹਾਲਤ ਸੁਧਾਰਨ ਅਤੇ ਦਲਿਤ ਭਾਈਚਾਰੇ ਦੇ ਹਕਾਂ ਦੀ ਰਾਖੀ ਕਰਨ ਦਾ ਵੀ ਹੁਕਮ ਦੇਣ।ਅਕਾਲੀ ਭਾਜਪਾ ਦੇ ਸਾਂਝੇ ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਅਜ ਰਾਜ ਭਵਨ ਵਿਖੇ ਰਾਜਪਾਲ ਨੂੰ ਇਸ ਸੰਬੰਧੀ ਇਕ ਮੈਮੋਰੰਡਮ ਸੌਂਪਿਆ। ਸੂਬੇ ਅੰਦਰ ਰੇਤੇ ਦੀਆਂ ਕੀਮਤਾਂ 4 ਗੁਣਾ ਵਧਾ ਦੇਣ ਵਾਲੇ ਰੇਤ ਘਪਲੇ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਨੇ ਆਪਣੇ ਖਾਨਸਾਮੇ ਅਤੇ ਕਰਮਚਾਰੀਆਂ ਦੇ ਜ਼ਰੀਏ ਰੇਤ ਦੀਆਂ ਖਡਾਂ ਦਾ ਠੇਕਾ ਹਾਸਿਲ ਕੀਤਾ ਹੈ, ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਅਧਿਕਾਰੀਆਂ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਪਿਛਲੇ 10 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਉਤੇ ਇਕ ਸੁਪਰ ਵਾਈਟ ਪੇਪਰ ਲੈ ਕੇ ਆਵੇਗਾ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਰਾਜਪਾਲ ਨੂੰ ਕਿਹਾ ਕਿ ਦਲਿਤ ਭਾਈਚਾਰੇ ਉਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਉਹ ਕਾਂਗਰਸ ਸਰਕਾਰ ਨੂੰ ਸਖਤ ਕਾਰਵਾਈ ਕਰਨ ਲਈ ਕਹਿਣ। ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤਾਂ ਨੂੰ ਪੁਲਿਸ ਕੋਲ ਜਾ ਕੇ ਇਨਸਾਫ ਨਹੀਂ ਮਿਲ ਰਿਹਾ ਹੈ, ਕਿਉਂਕਿ ਸੂਬੇ ਦੀ ਪੁਲਿਸ ਕਾਂਗਰਸ ਪਾਰਟੀ ਦੇ ਵਿੰਗ ਵਾਂਗ ਕੰਮ ਕਰ ਰਹੀ ਹੈ।ਵਫਦ ਵਿੱਚ ਸਾਬਕਾ ਸਪੀਕਰ ਚਰਨਜੀਤ ਅਟਵਾਲ, ਸੰਸਦ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੰਤਰੀ ਬਿਕਰਮ ਮਜੀਠੀਆ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਅਕਾਲੀ ਦਲ ਅਤੇ ਭਾਜਪਾ ਦੀ ਸਮੁਚੀ ਕੋਰ ਕਮੇਟੀ ਦੇ ਮੈਂਬਰ ਅਤੇ ਦੋਵੇਂ ਪਾਰਟੀਆਂ ਦੇ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਿਲ ਸਨ।