May 26, 2026 12:21 am

ਯੂਕੇ ਚੋਣਾਂ ਤੋਂ ਪਹਿਲਾਂ ਲੰਡਨ ’ਚ ਅੱਤਵਾਦੀ ਹਮਲੇ ਦੌਰਾਨ 7 ਮੌਤਾਂ

ਪੁਲਿਸ ਕਾਰਵਾਈ ’ਚ 3 ਸ਼ੱਕੀ ਹਮਲਾਵਰ ਮਾਰੇ ਗਏ

image ਲੰਡਨ, 4 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼ੱਕੀ ਅੱਤਵਾਦੀ ਹਮਲੇ ਨੇ ਬਰਤਾਨੀਆ ਨੂੰ ਇੱਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ। ਲੰਡਨ ਵਿਖੇ ਸ਼ਨੀਵਾਰ ਦੀ ਰਾਤ ਨੂੰ ਹੋਏ ਅੱਤਵਾਦੀ ਹਮਲੇ ਵਿੱਚ 7 ਨਿਰਦੋਸ਼ ਨਾਗਰਿਕ ਮਾਰੇ ਗਏ ਜਦੋਂ ਕਿ 49 ਤੋਂ ਵਧ ਜ਼ਖਮੀ ਹੋਏ ਹਨ। ਬਰਤਾਨੀਆ ਵਿੱਚ ਅਗਲੇ ਹਫਤੇ ਵੀਰਵਾਰ ਨੂੰ ਪਾਰਲੀਮੈਂਟ ਚੋਣਾਂ ਲਈ ਵੋਟਾਂ ਪੈਣੀਆਂ ਹਨ। ਪਹਿਲੀ ਅਤੱਵਾਦੀ ਘਟਨਾ ’ਚ ਅੱਤਵਾਦੀਆਂ ਨੇ ਲੰਡਨ ਬ੍ਰਿਜ ’ਤੇ ਇੱਕ ਤੇਜ਼ ਰਫਤਾ ਚਿੱਟੇ ਰੰਗ ਦੀ ਵੈਨ ਪੈਦਲ ਚੱਲਦੇ ਲੋਕਾਂ ’ਤੇ ਚੜ੍ਹਾ ਦਿੱਤੀ। ਸਥਾਨਕ ਸਮੇਂ ਮੁਤਾਬਿਕ 10 ਵਜੇ ਹੋਏ ਇਸ ਹਮਲੇ ਤੋਂ ਬਾਅਦ ਬ੍ਰਿਜ ਦੇ ਨਾਲ ਲਗਦੇ ਬਾਰੋ ਮਾਰਕਿਟ ਖੇਤਰ ਵਿੱਚ ਅੱਤਵਾਦੀਆਂ ਨੇ ਚਾਕੂਬਾਜ਼ੀ ਨਾਲ ਕਈਆਂ ਨੂੰ ਜ਼ਖਮੀ ਕਰ ਦਿੱਤਾ। ਬੇਸ਼ੱਕ ਇਸ ਅੱਤਵਾਦੀ ਹਮਲੇ ਤੋਂ ਫੌਰੀ ਬਾਅਦ 8 ਮਿੰਟਾਂ ਵਿੱਚ ਹੀ ਪੁਲਿਸ ਪਹੁੰਚ ਗਈ ਸੀ, ਪ੍ਰੰਤੂ ਅੱਤਵਾਦੀਆਂ ਨੇ ਇਸ ਦੌਰਾਨ 7 ਲੋਕਾਂ ਨੂੰ ਮਾਰ ਦਿੱਤਾ ਅਤੇ48 ਨੂੰ ਜ਼ਖਮੀ ਕਰ ਦਿੱਤਾ। ਪਿਛਲੇ ਤਿੰਨ ਮਹੀਨਿਆਂ ਵਿੱਚ ਬਰਤਾਨੀਆ ਵਿੱਚ ਇਹ ਤੀਜਾ ਅੱਤਵਾਦੀ ਹਮਲਾ ਹੈ। ਵੀਰਵਾਰ ਨੂੰ  ਬਰਤਾਨੀਆ ਵਿੱਚ ਪਾਰਲੀਮੈਂਟ ਲਈ ਵੋਟਾਂ ਪੈਣੀਆਂ ਹਨ। ਇਸ ਅੱਤਵਾਦੀ ਘਟਨਾ ਤੋਂ ਬਾਅਦ ਹੁਕਮਰਾਨ ਕੰਜਰਵੇਟਿਵ ਪਾਰਟੀ, ਵਿਰੋਧੀ ਧਿਰ ਲੇਬਰ ਪਾਰਟੀ ਅਤੇ ਸ਼ਕਾਟਿਸ਼ ਨੈਸ਼ਨਲ ਪਾਰਟੀ ਨੇ ਐਤਵਾਰ ਨੂੰ ਆਪਣੀ ਚੋਣ ਮੁਹਿੰਮ ਰੱਦ ਕਰ ਦਿੱਤੀ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਨੇ ਆਪਣੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲੰਡਨ ਵਿੱਚ ਹੋਇਆ ਇਹ ਹਮਲਾ ਅੱਤਵਾਦੀਆਂ ਦੀ ਕਾਰਵਾਈ ਹੈ। ਪ੍ਰਧਾਨ ਮੰਤਰੀ ਦੇ ਨਿਵਾਸ ਡਾਊਨ ਸਟਰੀਟ ਵਿਖੇ ਐਤਵਾਰ ਨੂੰ ਕੌਮੀ ਝੰਡਾ ਅੱਧਾ ਝੁਕਾ ਦਿੱਤਾ ਗਿਆ। ਲੰਡਨ ਬ੍ਰਿਜ ਆਸੇ-ਪਾਸੇ ਦੀਆਂ ਬਹੁਤ ਹੀ ਮਸ਼ਹੂਰ ਮਾਰਕੀਟਾਂ ਲਈ ਆਉਣ ਜਾਉਣ ਦਾ ਮੁੱਖ ਰਸਤਾ ਹੈ। ਇਸ ਖੇਤਰ ਵਿੱਚ ਸਥਿਤ ਬਾਰ ਅਤੇ ਰੈਸਟੋਰੈਂਟਾਂ ’ਚ ਹਰ ਸਮੇਂ ਭੀੜ ਭੜੱਕਾ ਰਹਿੰਦਾ ਹੈ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਮੌਜ ਮੇਲਾ ਕਰਨ ਆਉਂਦੇ ਹਨ। ਇਸ ਘਟਨਾ ਤੋਂ ਬਾਅਦ ਐਤਵਾਰ ਨੂੰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਖੇਤਰ ਵਿੱਚ ਪੈਂਦੇ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ। ਬੱਸਾਂ ਅਤੇ ਟੈਕਸੀਆਂ ਵੀ ਨਹੀਂ ਚੱਲੀਆਂ ਪੁਲਿਸ ਵੱਲੋਂ ਖੇਤਰ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਦੋ ਹਫਤੇ ਪਹਿਲਾਂ ਇੱਕ ਆਤਮਘਾਤੀ ਅੱਤਵਾਦੀ ਨੇ ਮਾਨਚੈਸਟਰ ਸ਼ਹਿਰ ’ਚ 22 ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਬੀਤੇ ਮਾਰਚ ਵਿੱਚ ਇੱਕ ਵਿਅਕਤੀ ਨੇ ਤੇਜ਼ ਰਫਤਾਰ ਗੱਡੀ ਨਾਲ 5 ਵੈਸਟ ਮਨਿਸਟਰ ਬ੍ਰਿਜ ਵਿਖੇ 5 ਵਿਅਕਤੀ ਮਾਰ ਦਿੱਤੇ ਸਨ। ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਮਾਰੇ ਗਏ ਤਿੰਨ ਅੱਤਵਾਦੀਆਂ ਨੇ ਫਰਜ਼ੀ ਬੰਬਾਂ ਵਾਲੀਆਂ ਜੈਕਟਾਂ ਪਹਿਨੀਆਂ ਹੋਈਆਂ ਸਨ। ਪਿਛਲੇ ਦੋ ਸਾਲਾਂ ਤੋਂ ਅੱਤਵਾਦੀ ਯੂਰਪ ਅਤੇ ਬਰਤਾਨੀਆ ਵਿੱਚ ਲਗਾਤਾਰ ਹਮਲੇ ਕਰ ਰਹੇ ਹਨ।

Send this to a friend