ਪੰਜਾਬ ਪੁਲਿਸ ਵੱਲੋਂ ਪਾਬੰਦੀਸ਼ੁਦਾ ਸਿੱਖ ਜਥੇਬੰਦੀ ਆਈ.ਐਸ. ਵਾਈ.ਐਫ. ਨਾਲ ਸਬੰਧਤ ਗਰੁੱਪ ਦਾ ਪਰਦਾਫਾਸ਼

ਆਈ.ਐਸ.ਆਈ. ਵੱਲੋਂ ਸਿਖਲਾਈ ਹਾਸਲ ਤਿੰਨ ਸਿੱਖ ਗ੍ਰਿਫਤਾਰ
image ਚੰਡੀਗੜ੍ਹ, 4 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਪੁਲੀਸ ਨੇ ਇਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਕਥਿਤ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਅੱਤਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਹਮਾਇਤ ਹਾਸਲ ਪਾਬੰਦੀਸ਼ੁਦਾ ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਨਾਲ ਸਿੱਧਾ ਸਬੰਧ ਸੀ। ਗ੍ਰਿਫਤਾਰ ਕੀਤੇ ਤਿੰਨ ਅੱਤਵਾਦੀਆਂ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਪਾਕਿਸਤਾਨ ਅਧਾਰਿਤ ਆਈ.ਐਸ. ਵਾਈ.ਐਫ. ਦੇ ਮੁਖੀ ਭਾਈ ਲਖਬੀਰ ਸਿੰਘ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਉਰਫ ਪੀ.ਐਚ.ਡੀ. ਅਤੇ ਆਈ.ਐਸ.ਆਈ. ਨੇ ਸਿਖਲਾਈ ਦੇ ਕੇ ਅੱਤਵਾਦੀ ਹਮਲੇ ਕਰਨ ਅਤੇ ‘ਪੰਥ ਵਿਰੋਧੀ’ ਅਤੇ ‘ਸਿੱਖ ਵਿਰੋਧੀ ਤਾਕਤਾਂ/ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਦਾ ਕਾਰਜ ਸੌਂਪਿਆ ਗਿਆ ਸੀ। ਪੰਜਾਬ ਪੁਲੀਸ ਵੱਲੋਂ ਕੀਤੀ ਗਈ ਮੁਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਸਾਲ ਦੀ 21 ਮਈ ਨੂੰ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜਿਓਂ ਬੀ.ਐਸ.ਐਫ. ਵੱਲੋਂ ਫੜੀ ਗਈ ਹਥਿਆਰ ਤੇ ਗੋਲੀ-ਸਿੱਕੇ ਦੀ ਖੇਪ ਆਈ.ਐਸ.ਵਾਈ.ਐਫ. ਵੱਲੋਂ ਸਪਲਾਈ ਕੀਤੀ ਗਈ ਸੀ। ਬੀ.ਐਸ.ਐਫ. ਵੱਲੋਂ ਪਿਛਲੇ ਮਹੀਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨਾਂਅ ਦੇ ਦੋ ਅੱਤਵਾਦੀ ਉਸ ਵੇਲੇ ਗ੍ਰਿਫਤਾਰ ਕੀਤੇ ਗਏ ਸਨ ਜਦੋਂ ਇਹ ਖੇਪ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੰਜਾਬ ਪੁਲੀਸ ਦੇ ਇਕ ਬੁਲਾਰੇ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਮਹਿੰਗਾ ਸਿੰਘ ਰੋਡ ਮਾਜਰਾ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਸੀ ਹੈ। ਜਗਰੂਪ ਪੁੱਤਰ ਅਵਤਾਰ ਸਿੰਘ ਅਤੇ ਸਤਵਿੰਦਰ ਪੁੱਤਰ ਗੁਰਮੇਲ ਸਿੰਘ ਵਾਸੀ ਚਾਂਦਪੁਰ ਰੁੜਕੀ, ਥਾਣਾ ਪੇਜੋਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਹਨ। ਇਨ੍ਹਾਂ ਸ਼ੱਕੀ ਵਿਅਕਤੀਆਂ ਪਾਸੋਂ ਇਕ .32 ਬੋਰ ਪਿਸਤੌਲ, ਉਸ ਦਾ ਇਕ ਮੈਗਜ਼ੀਨ ਤੇ ਕਾਰਤੂਸ ਅਤੇ ਇਕ .38 ਬੋਰ ਰਿਵਾਲਵਰ, ਸੱਤ ਕਾਰਤੂਸਾਂ ਸਮੇਤ ਪ੍ਰਾਪਤ ਹੋਏ ਹਨ। ਗੁਰਦਿਆਲ ਤੇ ਜਗਰੂਪ ਨੂੰ ਉਨ੍ਹਾਂ ਦੇ ਜੱਦੀ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਸਤਵਿੰਦਰ ਨੂੰ ਬਲਾਚੌਰ ਸਬ-ਡਵੀਜ਼ਨ ਦੇ ਪੋਜੇਵਾਲ ਪੁਲੀਸ ਥਾਣੇ ਵਿੱਚ ਉਸ ਦੇ ਪਿੰਡ ਨੇੜੇ ਲੱਗੇ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦਿਆਲ ਸਿੰਘ ਇਸ ਅੱਤਵਾਦੀ ਗਰੋਹ ਦਾ ਮੁਖੀ ਸੀ ਅਤੇ ਜਰਮਨ ਦੇ ਬਲਵੀਰ ਸਿੰਘ ਸੰਧੂ ਨੇ ਭਾਈ ਲਖਬੀਰ ਸਿੰਘ ਰੋਡੇ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ। ਰੋਡੇ ਇਸ ਵੇਲੇ ਲਾਹੌਰ ਦੇ ਛਾਉਣੀ ਇਲਾਕੇ ਵਿੱਚ ਆਈ.ਐਸ.ਆਈ. ਵੱਲੋਂ ਮੁਹੱਈਆ ਕਰਵਾਏ ਗਏ ਸੁਰੱਖਿਅਤ ਘਰ ਵਿੱਚ ਰਹਿ ਰਿਹਾ ਹੈ। ਗੁਰਦਿਆਲ ਪਿਛਲੇ 6-7 ਸਾਲਾਂ ਤੋਂ ਧਾਰਮਿਕ ਜਥਿਆਂ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਕਈ ਵਾਰ ਰੋਡੇ ਨੂੰ ਮਿਲਿਆ ਸੀ। ਗੁਰਦਿਆਲ ਸਿੰਘ ਨੇ ਨਵੰਬਰ, 2016 ਦੇ ਆਪਣੇ ਆਖਰੀ ਪਾਕਿਸਤਾਨੀ ਦੌਰੇ ਦੌਰਾਨ ਜਗਰੂਪ ਸਿੰਘ ਲਈ ਵੀਜ਼ੇ ਦਾ ਪ੍ਰਬੰਧ ਕੀਤਾ ਸੀ ਅਤੇ ਉਹ ਇਕ ਜਥੇ ਨਾਲ ਲਾਹੌਰ ਗਿਆ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੀ 12 ਤੋਂ 21 ਨਵੰਬਰ, 2016 ਤੱਕ ਲਾਹੌਰ ਵਿਖੇ ਠਹਿਰ ਦੌਰਾਨ ਬਲਵੀਰ ਰਾਹੀਂ ਜਗਰੂਪ ਨੇ ਰੋਡੇ ਤੇ ਹਰਮੀਤ ਨਾਲ ਮੁਲਾਕਾਤ ਕੀਤੀ ਸੀ।
ਜਗਰੂਪ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਉਸ ਨੂੰ ਆਈ.ਐਸ.ਵਾਈ.ਐਫ. ਦੇ ਮੁਖੀ ਵੱਲੋਂ ਅੱਖਾਂ ਬੰਨ੍ਹ ਕੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ ਅਤੇ ਉਸ ਨੇ ਆਈ.ਐਸ.ਆਈ.  ਪਾਸੋਂ ਚਾਰ ਦਿਨ ਦਾ ਸਿਖਲਾਈ ਕੋਰਸ ਪ੍ਰਾਪਤ ਕੀਤਾ ਜੋ ਕਿ ਏ.ਕੇ.-47 ਰਾਈਫਲ ਅਤੇ ਛੋਟੇ ਹਥਿਆਰ ਚਲਾਉਣ ਨਾਲ ਸਬੰਧਤ ਸੀ। ਉਸ ਨੇ ਰੇਲਵੇ ਟਰੈਕ ਦੀਆਂ ਪਲੇਟਾਂ, ਨਟ-ਬੋਲਟ ਨੂੰ ਢਿੱਲਾ ਕਰਕੇ ਟਰੈਕ ਨੂੰ ਸਾਬੋਤਾਜ ਕਰਨ ਦੀ ਸਿਖਲਾਈ ਵੀ ਹਾਸਲ ਕੀਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦਿਆਲ ਤੇ ਜਗਰੂਪ ਦੋਵਾਂ ਨੂੰ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਨੂੰ ‘ਪੰਥ ਵਿਰੋਧੀ ਅਤੇ ਸਿੱਖ ਵਿਰੋਧੀ ਸ਼ਕਤੀਆਂ/ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ। ਭਾਈ ਰੋਡੇ ਤੇ ਉਸ ਦੇ ਸਾਥੀਆਂ ਨੇ ਸਰਹੱਦ ਪਾਰੋਂ ਹਥਿਆਰ ਤੇ ਗੋਲੀ-ਸਿੱਕਾ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਇਨ੍ਹਾਂ ਸ਼ੱਕੀਆਂ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਪਾਕਿਸਤਾਨ ਦੇ ਦੌਰੇ ਦੌਰਾਨ ਗੁਰਦਿਆਲ ਲਗਾਤਾਰ ਬਲਵੀਰ ਦੇ ਸੰਪਰਕ ਵਿੱਚ ਸੀ ਜੋ ਮੂਲ ਰੂਪ ਵਿੱਚ ਪਿੰਡ ਪੱਦੀ ਸੂਰਤ ਸਿੰਘ, ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੈ। ਗੁਰਦਿਆਲ ਜੰਮੂ-ਕਸ਼ਮੀਰ ਦੇ ਕੁਝ ਅੱਤਵਾਦੀ ਗਰੁੱਪਾਂ ਨਾਲ ਵੀ ਸੰਪਰਕ ਵਿੱਚ ਸੀ। ਬੁਲਾਰੇ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪੁਲੀਸ ਨੇ ਪੱਕੀ ਖੁਫੀਆ ਸੂਹ ਮਿਲਣ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਖਿਲਾਫ਼ ਆਈ.ਪੀ.ਸੀ. ਹੇਠ ਜੇਰੇ ਦਫ਼ਾ 121, 121ਏ, 120ਬੀ ਅਤੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਅਤੇ ਗੈਰ-ਕਾਨੂੰਨੀ ਸਰਗਰਮੀਆਂ ਐਕਟ ਦੀਆਂ ਧਾਰਾਵਾਂ 15,16,17, ਤੇ 18 ਦੇ ਹੇਠ ਐਫ.ਆਈ.ਆਰ. ਨੰਬਰ 28 ਦਰਜ ਕੀਤੀ ਗਈ ਹੈ ਅਤੇ ਹੋਰ ਜਾਂਚ ਜਾਰੀ ਹੈ। 

Send this to a friend