ਜੌਗਰਫ਼ੀ ਟੀਚਰਜ਼ ਯੂਨੀਅਨ ਵੱਲੋਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸਿੱਖਿਆ ਮੰਤਰੀ ਤੇ ਚੇਅਰਮੈਨ ਦੇ ਨਾਂ ਮੈਮੋਰੰਡਮ

image ਫਰੀਦਕੋਟ, 2 ਜੂਨ (ਗੁਰਜੀਤ ਰੋਮਾਣਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ (ਸਕੂਲਾਂ) ਵੱਲੋਂ ਸਾਲ 2016 ਵਿਚ ਅਪਗ੍ਰੇਡ ਕੀਤੇ ਗਏ 373 ਸੀਨੀਅਰ ਸੈਕੰਡਰੀ ਸਕੂਲਾਂ ਲਈ ਨਵੀਆਂ ਰਚੀਆਂ 1865 ਅਸਾਮੀਆਂ ਵਿਚੋਂ ਭੂਗੋਲ (ਜੌਗਰਫ਼ੀ) ਵਿਸ਼ੇ ਨੂੰ ਨਾ ਮਾਤਰ ਅਸਾਮੀਆਂ ਦੇਣ ਤੇ ਵਿਸ਼ਾਵਾਰ ਵੰਡ ਬਿਨ੍ਹਾਂ ਕਿਸੇ ਯੋਗ ਮਾਪਦੰਡਾ ਦੇ ਕਰਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2017-18 ਲਈ ਬਾਰਵੀਂ ਸ਼੍ਰੇਣੀ ਦੇ ਬਦਲੇ ਪਾਠਕ੍ਰਮ ਤੇ ਅਜੇ ਤੱਕ ਕਿਤਾਬਾਂ ਨਾ ਛਾਪਣ ਦੇ ਮੁੱਦੇ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਚੀਫ਼ ਮਨਿਸਟਰ ਐਵਾਰਡੀ ਪੰਜਾਬ ਅਤੇ ਸਕੱਤਰ ਸਮਸ਼ੇਰ ਸਿੰਘ ਸ਼ੈਰੀ ਦੀ ਅਗਵਾਈ ਵਿਚ ਜਨਰਲ ਸਕੱਤਰ ਪੰਜਾਬ ਕਾਂਗਰਸ ਅਤੇ ਐੱਮ.ਐੱਲ.ਏ. ਹਲਕਾ ਫ਼ਰੀਦਕੋਟ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮਿਲਿਆ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਨਾਂ ਮੰਗ ਪੱਤਰ ਸੌਂਪੇ। ਵਫ਼ਦ ਨੇ ਦੱਸਿਆ ਕਿ ਜਦੋਂ ਵੀ ਸਕੂਲ ਲੈਕਚਰਾਰਾਂ ਦੀਆਂ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਂਦੀ ਹੈ ਤਾਂ ਇਸ ਵਿਸ਼ੇ ਨੂੰ ਨਜ਼ਰ ਅੰਦਾਜ ਕੀਤਾ ਜਾਂਦਾ ਰਿਹਾ ਹੈ ਅਤੇ ਸਾਲ 2016 ਵਿੱਚ ਵੀ ਅਪਗ੍ਰੇਡ ਕੀਤੇ 373 ਸਕੂਲਾਂ ਲਈ ਲੈਕਚਰਾਰਾਂ ਦੀਆਂ ਨਵੀਆਂ ਰਚੀਆਂ 1865 ਅਸਾਮੀਆਂ ਦੀ ਵੰਡ ਸਮੇਂ ਵੀ ਅਜਿਹਾ ਹੀ ਹੋਇਆ ਹੈ, ਜਿਸ ਕਰਕੇ ਮੌਜ਼ੂਦਾ ਸਮੇਂ ਲੈਕਚਰਾਰਾਂ ਦੀਆਂ ਕੁੱਲ ਮਨਜ਼ੂਰਸ਼ੁਦਾ 14507 ਅਸਾਮੀਆਂ ਵਿੱਚੋਂ ਭੂਗੋਲ ਵਿਸ਼ੇ ਦੀਆਂ ਕੇਵਲ 198 ਕੁ ਅਸਾਮੀਆਂ ਹੀ ਹਨ। ਵਫ਼ਦ ਨੇ ਸ. ਢਿੱਲੋਂ ਨੂੰ ਇਹ ਵੀ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2017-18 ਵਿੱਚ ਬਾਰਵੀਂ ਸ੍ਰੇਣੀ ਦੇ ਪਾਠਕ੍ਰਮ ਵਧਾਏ ਜਾਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਉਮਰ ਅਤੇ ਮਾਨਸਿਕ ਪੱਧਰ ਦਾ ਰੱਖਣ ਦੀ ਬਜ਼ਾਏ ਯੂਨੀਵਰਸਿਟੀ ਪੱਧਰ ਦਾ ਬਣਾ ਦਿੱਤਾ ਗਿਆ ਹੈ। ਵਫ਼ਦ ਨੇ ਮੰਗ ਕੀਤੀ ਕਿ ਅਪਗ੍ਰੇਡ ਕੀਤੇ ਗਏ 373 ਸਕੂਲਾਂ ਲਈ ਨਵੀਆਂ ਰਚੀਆਂ 1865 ਅਸਾਮੀਆਂ ਦੀ ਨਜ਼ਰਸਾਨੀ ਕਰਕੇ ਯੋਗ ਮਾਪਦੰਡਾਂ ਰਾਹੀਂ ਵਿਸ਼ਾਵਾਰ ਵੰਡ ਦਰੁੱਸਤ ਕਰਨ ਉਪਰੰਤ ਇੱਕ ਇੱਕ ਅਸਾਮੀ ਇੰਨ੍ਹਾਂ ਅਪਗ੍ਰੇਡ 373 ਸਕੂਲਾਂ ਵਿੱਚ ਭੂਗੋਲ ਲੈਕਚਰਾਰ ਦੀ ਦਿੱਤੀ ਜਾਵੇ ਅਤੇ ਜੋ ਬਾਰਵੀਂ ਸ੍ਰੇਣੀ ਦਾ ਨਵਾਂ ਸਿਲੇਬਸ ਜ਼ਾਰੀ ਕੀਤਾ ਗਿਆ ਹੈ, ਉਸ ਨੂੰ ‘ਨਵੀਂ ਸਿਲੇਬਸ ਸੋਧ ਕਮੇਟੀ‘ ਬਣਾ ਕੇ ਯੋਗ ਵਿਸ਼ਾ ਮਾਹਿਰਾਂ ਰਾਹੀਂ ਸੋਧਣ ਉਪਰੰਤ ਹੀ ਲਾਗੂ ਕੀਤਾ ਜਾਵੇ। ਸ. ਢਿੱਲੋਂ ਨੇ ਵਫ਼ਦ ਨੂੰ ਬੜੀ ਦਿਲਚਸਪੀ ਨਾਲ ਸੁਨਣ ਉਪਰੰਤ ਕਿਹਾ ਕਿ ਉਹ ਇੰਨ੍ਹਾਂ ਦੋਹਾਂ ਮੰਗ ਪੱਤਰਾਂ ਨੂੰ ਆਪਣੀ ਪੂਰਜ਼ੋਰ ਸਿਫ਼ਾਰਿਸ਼ ਸਹਿਤ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਭੇਜਣਗੇ।

Send this to a friend