ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲਿਆਂ ਨੇ ਕਣਕ ਦੇ 81 ਟਰਾਲਿਆਂ ਨੂੰ ਝੰਡੀ ਦੇ ਕੇ ਕੀਤਾ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

image ਅਮਰਗੜ੍ਹ, 31 ਮਈ (ਸੁਖਵਿੰਦਰ ਸਿੰਘ ਅਟਵਾਲ)- ਗੁਰਦੁਆਰਾ ਲੰਗਰ ਸਾਹਿਬ (ਡੇਰਾ ਸੰਤ ਬਾਬਾ ਨਿਧਾਨ ਸਿੰਘ) ਸ੍ਰੀ ਹਜੂਰ ਸਾਹਿਬ ਨੰਦੇੜ ਲਈ ਗੁਰੂ ਕੇ ਲੰਗਰਾਂ ਵਾਸਤੇ ਕਣਕ (ਰਸ਼ਦ) ਦੇ 81 ਟਰਾਲੇ ਪਿੰਡ ਢਢੋਗਲ ਦੇ ਗੁਰੂਦੁਆਰਾ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਝੰਡੀ ਦੇਕੇ ਰਵਾਨਾ ਕੀਤੇ ਗਏ।ਇਹ ਸੇਵਾ ਗੁਰੂਘਰ ਦੇ ਅਨੰਨ ਸੇਵਕਾਂ ਵੱਲੋਂ ਸਾਰੇ ਪੰਜਾਬ ਵਿੱਚੋਂ ਇਕੱਠੀ ਕੀਤੀ ਗਈ। ਇੱਥੇ ਜਿਕਰਯੋਗ ਹੈ ਕਿ ਜੋ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਨੰਦੇੜ ਜਾਂਦੀਆਂ ਹਨ ਉਨ੍ਹਾਂ ਦੀ ਟਹਿਲ ਸੇਵਾ ਲਈ ਅੱਠੋ ਪਹਿਰ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ, ਵਾਪਸੀ ਮੌਕੇ ਵੀ ਹਰੇਕ ਟਰੇਨ ਦੀਆਂ ਸੰਗਤਾਂ ਨੂੰ ਰਸਤੇ ’ਚ ਛਕਣ ਵਾਸਤੇ ਵੀ ਲੰਗਰ ਵਰਤਾਇਆ ਜਾਂਦਾ ਹੈ, ਅਤੇ ਰੇਲਵੇ ਸਟੇਸ਼ਨ ਤੋਂ ਸੰਗਤਾਂ ਨੂੰ ਲਿਜਾਣ ਅਤੇ ਛੱਡਣ ਵਾਸਤੇ ਹਰ ਵੇਲੇ ਫਰੀ ਬਸ ਸੇਵਾ ਲਗਾਤਾਰ ਚਲਦੀ ਰਹਿੰਦੀ ਹੈ।ਸੰਗਤਾਂ ਦੇ ਰਹਿਣ ਲਈ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰਸੇਵਾ ਵਾਲਿਆਂ ਵੱਲੋਂ ਅਧੁਨਿਕ ਤਰੀਕੇ ਨਾਲ਼ ਬਹੁਤ ਹੀ ਆਲੀਸਾਨ ਸਰਾਵਾਂ ਬਣਾਈਆਂ ਗਈਆਂ ਹਨ ਜੋ ਕਿ ਸੰਗਤਾਂ ਲਈ ਹਰ ਸਮੇਂ ਖੁੱਲੀਆਂ ਰਹਿੰਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਮਹਿਸੂਸ ਨਹੀਂ ਹੁੰਦੀ।ਇਸ ਤੋਂ ਇਲਾਵਾ ਮਹਾਂਰਾਸ਼ਟਰ ਅਤੇ ਕਰਨਾਟਕਾ ਦੇ ਜਿੰਨੇ ਵੀ ਗੁਰ ਇਤਿਹਾਸ ਨਾਲ਼ ਸਬੰਧਿਤ ਗੁਰੂਘਰ ਹਨ ਉਨ੍ਹਾਂ ਸਾਰੀਆਂ ਥਾਵਾਂ ’ਤੇ ਇੰਨ੍ਹਾਂ ਮਹਾਂਪੁਰਸਾਂ ਵੱਲੋਂ ਕਾਰਸੇਵਾ ਅਰੰਭੀ ਗਈ ਹੈ।ਗੁਰੂਘਰ ਦੇ ਸੇਵਕ ਸਰਪੰਚ ਜੋਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸਾਹਿਬ ਦੇ ਗੁੰਬਦ ਉੱਪਰ ਸੋਨੇ ਦੀ ਸੇਵਾ ਦਾ ਕਾਰਜ ਵੀ ਇੰਨ੍ਹਾਂ ਮਹਾਂਪੁਰਸਾਂ ਵੱਲੋਂ ਅਰੰਭਿਆ ਗਿਆ ਹੈ, ਜੋ ਸੰਗਤਾਂ ਦੇ ਸਹਿਯੋਗ ਅਤੇ ਸੇਵਾ ਸਦਕਾ ਜਲਦੀ ਹੀ ਨੇਪਰੇ ਚੜ੍ਹ ਜਾਵੇਗਾ।ਕਣਕ ਦੇ ਟਰਾਲੇ ਤੋਰਨ ਦੀ ਸੇਵਾ ਵਿੱਚ ਪਿੰਡ ਢਢੋਗਲ ਦੀਆਂ ਸੰਗਤਾਂ ਦਾ ਵਿਸੇਸ਼ ਯੋਗਦਾਨ ਰਿਹਾ ਜਿੱਥੇ ਬੋਰੀਆਂ ਭਰਕੇ ਧਾਕਾਂ ਲਾਉਣ ਦੀ ਸੇਵਾ ਨੌਜਵਾਨਾਂ ਨੇ ਨਿਭਾਈ ਉੱਥੇ ਹੀ ਬੋਰੀਆਂ ਦੇ ਮੂੰਹ ਸੀਣ ਦੀ ਸੇਵਾ ਬਜੁਰਗਾਂ ਨੇ ਅਤੇ ਲਗਾਤਾਰ ਡੇਢ ਮਹੀਨਾਂ ਸੇਵਾਦਾਰਾਂ ਅਤੇ ਸੰਗਤਾਂ ਲਈ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਬੀਬੀਆਂ ਭੈਣਾਂ ਅਤੇ ਮਤਾਵਾਂ ਨੇ ਵੀ ਬਾਖੂਬੀ ਨਿਭਾਈ।ਇਲਾਕੇ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਬਾਬਾ ਸਿਕੰਦਰ ਸਿੰਘ, ਧਰਮ ਸਿੰਘ, ਸੱਜਣ ਸਿੰਘ , ਸਿੰਗਾਰਾ ਸਿੰਘ ਓਪੋਕੀ, ਡਾ.ਗੁਰਮੇਲ ਸਿੰਘ, ਜਰਨੈਲ ਸਿੰਘ ਨੰਗਲ ਕਲਾਂ, ਚਰਨ ਸਿੰਘ ਮੈਂਬਰ, ਪ੍ਰਿਥੀ ਸਿੰਘ ਮੈਂਬਰ ਲਹਿਰਾ ਮੁਹੱਬਤ, ਭੋਲਾ ਸਿੰਘ ਲੁਹਾਰਮਾਜਰਾ, ਬਾਬਾ ਸੁਖਦੇਵ ਸਿੰਘ ਭੋਲਾ, ਬਚਿੱਤਰ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ ਖੇੜੀ ਜੱਟਾਂ, ਮਾਸਟਰ ਰਣਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Send this to a friend