ਐਸ.ਏ.ਐਸ ਨਗਰ, 31 ਮਈ (ਧੱਮੀ ਸ਼ਰਮਾ)- ਮੁਹਾਲੀ ਪੁਲਿਸ ਨੇ ਪਹਿਲ ਕਦਮੀ ਕਰਦਿਆਂ ਚੰਡੀਗੜ੍ਹ ਪੈਟਰਨ ਤੇ ਟ੍ਰੈਫਿਕ ਪ੍ਰਬੰਧਾਂ ਨੂੰ ਹਲੀਮੀ , ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮਾਰਸ਼ਲ ਸਕੀਮ ਅਤੇ ਜ਼ਿਲ੍ਹੇ ‘ਚ ਟ੍ਰੈਫਿਕ ਪੁਲਿਸ ਲਈ ਬੌਡੀ ਕੈਮ (ਸਰੀਰਕ ਕੈਮਰਾ) ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂਆਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਦੇ ਮੀਟਿੰਗ ਹਾਲ ਵਿਖੇ ਮੁਹਾਲੀ ਸ਼ਹਿਰ ਲਈ ਵਲੰਟੀਅਰ ਤੌਰ ਤੇ ਰੱਖੇ ਗਏ ਟ੍ਰੈਫਿਕ ਮਾਰਸ਼ਲਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਟ੍ਰੈਫਿਕ ਮਾਰਸ਼ਲ, ਟ੍ਰੈਫਿਕ ਮੁਲਾਜ਼ਮਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਤੇ ਨਜਰ ਰੱਖਣ ਲਈ ਬੇਹੱਦ ਸਹਾਈ ਹੋਣਗੇ ਅਤੇ ਇਹ ਟ੍ਰੈਫਿਕ ਮਾਰਸ਼ਲ ਪੁਲਿਸ ਵੱਲੋਂ ਲਗਾਏ ਜਾਣ ਵਾਲੇ ਡਰੰਕ ਐਂਡ ਡਰਾਇਵ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਲਗਾਏ ਜਾਣ ਵਾਲੇ ਨਾਕਿਆਂ ਤੇ ਟ੍ਰੈਫਿਕ ਮਾਰਸ਼ਲਾਂ ਦੀ ਅਹਿਮ ਭੂਮਿਕਾ ਹੋਵੇਗੀ।ਉਨ੍ਹਾਂ ਇਸ ਮੌਕੇ ਕਿਹਾ ਕਿ ਟ੍ਰੈਫਿਕ ਮਾਰਸ਼ਲਾਂ ਤੋਂ ਰਾਤ ਦੇ ਨਾਕਿਆਂ ਲਈ ਵੀ ਸਹਿਯੋਗ ਲਿਆ ਜਾਵੇਗਾ ਤਾਂ ਜੋ ਕਿਸੇ ਨਾਲ ਜਿਆਦਤੀ ਨਾ ਹੋਵੇ ਅਤੇ ਕੇਵਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਸਕਣ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਬਿਨ੍ਹਾਂ ਵਜ੍ਹਾ ਕਿਸੇ ਦਾ ਚਲਾਨ ਨਾ ਕੱਟਣ ਅਤੇ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਦਾ ਹੈ ਤਦ ਹੀ ਚਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਦ ਹੀ ਵਾਹਨ ਚਲਾਉਣ ਮੌਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਕਾਰਨ ਉਹ ਖੁਦ ਸੁਰੱਖਿਅਤ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਟ੍ਰੈਫਿਕ ਮਾਰਸ਼ਲਾਂ ਦੇ ਸਹਿਯੋਗ ਨਾਲ ਜ਼ਿਲ੍ਹੇ ‘ਚ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਮੁਹਿੰਮ ਵੀ ਵਿੰਢੀ ਜਾਵੇਗੀ।ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮੌਕੇ ਟ੍ਰੈਫਿਕ ਪੁਲਿਸ ਲਈ ਪੁਲਿਸ ਮੁਲਾਜਮ ਦੇ ਬੌਡੀ ਕੈਮ (ਸਰੀਰਕ ਕੈਮਰਾ) ਲਗਾ ਕੇ ਇਸ ਨੂੰ ਜਿਲ੍ਹੇ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂਆਤ ਵੀ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪਹਿਲੇ ਪੜ੍ਹਾਅ ਵਿੱਚ ਦੋ ਬੌਡੀ ਕੈਮ ਮੁਹਾਲੀ ਅਤੇ ਜੀਰਕਪੁਰ ਲਈ ਲਗਾਏ ਗਏ ਹਨ ਅਤੇ ਇਸ ਤੋਂ ਉਪਰੰਤ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬੌਡੀ ਕੈਮਰੇ ਮੁਲਾਜਮ ਦੀਆਂ ਹਰ ਕਿਸਮ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੇਗਾ ਅਤੇ ਇੰਨ੍ਹਾਂ ਬੌਡੀ ਕੈਮਰਿਆਂ ਰਾਂਹੀ ਚਲਾਨ ਕੱਟਣ ਦੀ ਪ੍ਰੀਕਿਰਿਆ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਰਿਸਵਤਖੋਰੀ ਨੂੰ ਵੀ ਠੱਲ ਪਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਚੈਕਿੰਗ ਲਈ ਹੋਰ ਐਲਕੋ-ਮੀਟਰ ਮੁਹੱਈਆ ਕਰਵਾਏ ਜਾਣਗੇ। ਮੁਹਾਲੀ ਪੁਲਿਸ ਵੱਲੋਂ ਬੀਤੀ ਰਾਤ ਫੜੇ ਚਾਰ ਕਥਿਤ ਅੱਤਵਾਦੀਆਂ ਜ਼ਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ, ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਮੁਲਜਮਾਂ ਕੋਲੋ ਅਸਲਾ ਵੀ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਤੋ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਪੀ. ਟ੍ਰੈਫਿਕ ਤਰੁਨ ਰਤਨ, ਡੀ.ਐਸ.ਪੀ. ਟ੍ਰੈਫਿਕ ਹਰਸਿਮਰਤ ਸਿੰਘ, ਸਮਾਜ ਸੇਵੀ ਇੰਜਨੀਅਰ ਪੀ.ਐਸ.ਵਿਰਦੀ ਅਤੇ ਵਲੰਟੀਅਰ ਤੌਰ ਤੇ ਰੱਖੇ ਗਏ ਟ੍ਰੈਫਿਕ ਮਾਰਸ਼ਲ ਵੀ ਮੌਜੂਦ ਸਨ।