ਚੰਡੀਗੜ੍ਹ, 31 ਮਈ (ਬਲਜੀਤ ਸਿੰਘ ਬਰਾੜ)- ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਰਾਮ ਸਿੰਘ ਦੀ ਵਿਰਾਸਤ ਨੂੰ ਆਉਣ ਵਾਲੀਆ ਪੀੜ੍ਹੀਆਂ ਲਈ ਸਾਂਭਾਗੇ ਜਿਸ ਲਈ ਵਿਭਾਗ ਵੱਲੋਂ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਖਿੱਚਣ ਲਈ ਬਣਾਈ ਜਾ ਰਹੀ ਯੋਜਨਾ ਦਾ ਖਰੜਾ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਪ੍ਰਵਾਨਗੀ ਲਈ ਰੱਖਿਆ ਜਾਵੇਗਾ ਅਤੇ ਮੁੱਖ ਮੰਤਰੀ ਖੁਦ ਚਾਰ ਸਰਕਟਾਂ (ਧਾਰਮਿਕ, ਮਹਾਰਾਜਾ, ਸੂਫੀ ਤੇ ਮੁਗਲ ਸਰਕਟ) ਦਾ ਐਲਾਨ ਕਰਨਗੇ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਆਰਕੀਟੈਕਟ ਰਾਮ ਸਿੰਘ ਦੀਆਂ ਬਣਾਈਆਂ ਵਿਰਾਸਤੀ ਇਮਾਰਤਾਂ ਜਿਨ੍ਹਾਂ ਵਿੱਚ ਦਰਬਾਰ ਹਾਲ ਸੰਗਰੂਰ, ਦਰਬਾਰ ਹਾਲ ਤੇ ਪੈਲੇਸ ਕਪੂਰਥਲਾ ਤੇ ਖਾਲਸਾ ਕਾਲਜ ਅੰਮ੍ਰਿਤਸਰ ਸ਼ਾਮਲ ਹੈ, ਦੀ ਸਾਂਭ-ਸੰਭਾਲ ਕਰ ਕੇ ਇਨ੍ਹਾਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਤੋਹਫੇ ਵਿੱਚ ਦੇਣ ਲਈ ਸਾਂਭਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਦਿਨਾਂ ਅੰਦਰ ਯੂਨੈਸਕੇ ਦੀ ਟੀਮ ਵੱਲੋਂ ਪਟਿਆਲਾ, ਸੰਗਰੂਰ, ਨਾਭਾ, ਅੰਮ੍ਰਿਤਸਰ ਤੇ ਕਪੂਰਥਲਾ ਵਿਖੇ ਵਿਰਾਸਤੀ ਇਮਾਰਤਾਂ ਦਾ ਟੂਰ ਕੀਤਾ ਗਿਆ। ਉਨ੍ਹਾਂ ਦਾ ਨਿਸ਼ਾਨਾ ਹੈ ਕਿ ਪੰਜਾਬ ਦੀਆਂ ਵਿਰਾਸਤੀ ਥਾਵਾਂ ਨੂੰ ਵਿਸ਼ਵ ਵਿਰਾਸਤੀ ਧਰੋਹਰ ਐਲਾਨਿਆ ਜਾਵੇ ਤਾਂ ਜੋ ਇਨ੍ਹਾਂ ਵਿਰਾਸਤੀ ਥਾਵਾਂ ਦੀ ਹੋਰ ਸੰਭਾਲ ਹੋ ਸਕੇ। ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੀ ਯੋਜਨਾ ਵਿੱਚ ਚਾਰ ਸਰਕਟ ਧਾਰਮਿਕ, ਮਹਾਰਾਜਾ, ਸੂਫੀ ਤੇ ਮੁਗਲ ਬਣਾਏ ਜਾ ਰਹੇ ਜਿਸ ਦਾ ਖਰੜਾ ਮੁੱਖ ਮੰਤਰੀ ਜੀ ਕੋਲ ਪ੍ਰਵਾਨਗੀ ਲਈ ਇਕ ਹਫਤੇ ਅੰਦਰ ਰੱਖਿਆ ਜਾਵੇਗਾ।