ਖਸਤਾਹਾਲ ਸਿਟੀ ਬੱਸ ਚੱਲ ਰਹੀ ਹੈ ਸੜਕਾਂ ’ਤੇ, ਅਧਿਕਾਰੀਆਂ ਨੇ ਵਾਪਰੇ ਹਾਦਸਿਆਂ ਤੋਂ ਵੀ ਨਹੀਂ ਲਿਆ ਸਬਕ

image ਰਾਮਪੁਰਾ ਫੂਲ, 30 ਮਈ (ਕੁਲਜੀਤ ਸਿੰਘ ਢੀਂਗਰਾ)- ਪੈਪਸ਼ੂ ਰੋਡਵੇਜ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀ ਸ਼ਾਇਦ ਹਾਲੇ ਵੀ ਕਿਸੇ ਹੋਰ ਵੱਡੇ ਹਾਦਸੇ ਦੇ ਇੰਤਜ਼ਾਰ ਵਿੱਚ ਹਨ। ਇਸ ਕਰਕੇ ਹੀ ਸ਼ਾਇਦ ਉਹ ਆਪਣੀ ਖਸਤਾਹਾਲ ਸਿਟੀ ਬੱਸ ਨੂੰ ਧੱਕੇ ਨਾਲ ਰਾਮਪੁਰਾ ਤੋਂ ਬਠਿੰਡਾ ਤੱਕ ਸਵਾਰੀਆਂ ਢੋਹਣ ਲਈ ਮਜ਼ਬੂਰ ਕਰ ਰਹੇ ਹਨ। ਹਾਲਤ ਇਹ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਇਸ ਬੱਸ ਦੀ ਬਣੀ ਹੋਈ ਹੈ, ਉਸ ਸਥਿਤੀ ਵਿੱਚ ਇਹ ਕੁੱਝ ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰਨ ਦੇ ਯੋਗ ਨਹੀਂ ਪਰ ਅਧਿਕਾਰੀ ਇਸ ਨੂੰ 40 ਕਿਲੋਮੀਟਰ ਦਾ ਸਫ਼ਰ ਤੈਅ ਕਰਵਾ ਰਹੇ ਹਨ। ਜਿਸ ਸਦਕਾ ਕਦੇ ਵੀ ਇਹ ਬੱਸ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸਿਟੀ ਬੱਸ ਨੰਬਰ ਪੀ.ਬੀ-03ਏ.ਏ-8238 ਜੋ ਰਾਮਪੁਰਾ ਫੂਲ ਤੋਂ ਬਠਿੰਡਾ ਤੱਕ ਚੱਲਦੀ ਹੈ, ਦੀ ਹਾਲਤ ਇਹ ਹੈ ਕਿ ਇਸਦਾ ਫ਼ਰੰਟ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਜਿਸ ਵਿੱਚ ਥਾਂ-ਥਾਂ ਤੇ ਤਰੇੜਾਂ ਆਉਣ ਕਾਰਨ ਚੇਪੀਆਂ ਨਾਲ ਜੋੜ ਕੇ ਡੰਗ ਟਪਾਇਆ ਜਾ ਰਿਹਾ ਹੈ। ਡਰਾਈਵਰ ਨੂੰ ਗੱਡੀ ਚਲਾਉਣ ਸਮੇਂ ਸਾਹਮਣੇ ਕੁੱਝ ਵੀ ਸਾਫ਼ ਦਿਖਾਈ ਨਹੀਂ ਦਿੰਦਾ। ਦੱਸਣਾ ਬਣਦਾ ਹੈ ਕਿ ਪਿਛਲੇਂ ਦਿਨੀਂ ਰਾਮਪੁਰਾ ਵਿਖੇ 13 ਮਈ ਅਤੇ 21 ਮਈ ਨੂੰ ਹੋਏ ਦੋ ਵੱਡੇ ਬੱਸ ਹਾਦਸਿਆਂ ਵਿਚ 8 ਵਿਅਕਤੀ ਮਰ ਗਏ ਸਨ ਅਤੇ 50 ਦੇ ਕਰੀਬ ਵਿਅਕਤੀ ਜ਼ਖਮੀ ਹੋਏ ਸਨ। ਪਰ ਬਠਿੰਡਾ ਡਿਪੂ ਦੇ ਅਧਿਕਾਰੀਆਂ ਨੇ ਇਨ੍ਹਾਂ ਹਾਦਸ਼ਿਆਂ ਨੂੰ ਅੱਖੋਂ-ਪਰੋਖੇ ਕਰਕੇ ਖਸਤਾ ਹਾਲਤ ਬੱਸਾਂ ਖਾਸ ਕਰ ਟੁੱਟੇ ਸ਼ੀਸ਼ੇ ਵਾਲੀ ਸਿਟੀ ਬੱਸ ਨੂੰ ਰੋਡ ’ਤੇ ਚਲਾ ਰਹੇ ਹਨ। ਬੱਸ ਵਿਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਪਿਛਲੇ ਹੋਏ ਹਾਦਸਿਆਂ ਨੂੰ ਦੇਖਦਿਆ ਸਾਡਾ ਇਹੋ ਜਿਹੀ ਬੱਸ ਵਿਚ ਜਾਣ ਲਈ ਮਨ ਤਾਂ ਨਹੀਂ ਕਰਦਾ ਪਰ ਟਾਇਮ ਘੱਟ ਹੋਣ ਕਾਰਨ ਮਜ਼ਬੂਰੀ ਵੱਸ ਜਦੋਂ ਬੱਸ ਸਟੈਂਡ ਦੇ  ਕਾਊਂਟਰ ’ਤੇ ਲੱਗੀ ਹੁੰਦੀ ਹੈ ਤਾਂ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ।

Send this to a friend