June 16, 2026 6:42 pm

ਮੁਜ਼ੱਫਰਨਗਰ ਦੰਗਿਆਂ ਨੂੰ ਲੈ ਕੇ ਯੂ. ਪੀ. ਵਿਧਾਨ ਸਭਾ ਵਿੱਚ ਹੰਗਾਮਾ

ਲਖਨਊ, 16 ਸਤੰਬਰ (ਪੀ.ਟੀ.)-ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਹੰਗਾਮਿਆਂ ਨਾਲ ਹੋਈ ਤੇ ਵਿਰੋਧੀ ਧਿਰ ਨੇ ਮੁਜ਼ੱਫਰਨਗਰ ਵਿਚ ਜਾਤੀ ਹਿੰਸਾ ਦੇ ਮੁੱਦੇ ‘ਤੇ ਨਾਅਰੇਬਾਜੀ ਕੀਤੀ ਤੇ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ। ਜਿਉਂ ਹੀ ਸਵੇਰੇ 11 ਵਜੇ ਸਦਨ ਜੁੜਿਆ ਤਾਂ ਕਾਂਗਰਸ, ਬਸਪਾ, ਭਾਜਪਾ ਤੇ ਰਾਸ਼ਟਰੀ ਲੋਕ ਦਲ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ਦੇ ਅਗੇ ਆ ਗਏ। ਉਨ੍ਹਾਂ ਨੇ ਤਖਤੀਆਂ ਚੁਕੀਆਂ ਹੋਈਆਂ ਸਨ ਜਿਨ੍ਹਾਂ ਉਪਰ ਫਿਰਕੂ ਦੰਗਿਆਂ ਦੇ ਮੁੱਦੇ ‘ਤੇ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਸਨ। ਇਕ ਬਸਪਾ ਵਿਧਾਇਕ ਵੱਲੋਂ ਚੁੱਕੀ ਹੋਈ ਤਖਤੀ ਉਪਰ ਲਿਖਿਆ ਹੋਇਆ ਸੀ ‘ਅਪਹਰਣ, ਫਿਰੌਤੀ, ਬਲਾਤਕਾਰ ਐਸ ਪੀ ਕਾ ਦੇਖੋ ਜੰਗਲਰਾਜ’। ਕਾਂਗਰਸ ਮੈਂਬਰਾਂ ਨੇ ਸਰਕਾਰ ਕੋਲੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਲਾਸ਼ਾਂ ਉਪਰ ਰਾਜਨੀਤੀ ਹਰ ਹਾਲਤ ‘ਚ ਬੰਦ ਕੀਤੀ ਜਾਵੇ। ਭਾਜਪਾ ਵਿਧਾਇਕਾਂ ਨੇ ਕਿਹਾ ਕਿ ਪੰਚਾਇਤਾਂ ਨੂੰ ਪਰੇਸ਼ਾਨਾ ਕਰਨਾ ਬੰਦ ਕੀਤਾ ਜਾਵੇ। ਵਿਧਾਇਕਾਂ ਦੀ ਨਾਅਰੇਬਾਜੀ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਮੋਹੰਮਦ ਆਜ਼ਮ ਖਾਨ ਨੇ ਦੋਸ਼ ਲਾਇਆ ਕਿ ਫਿਰਕੂ ਅਗ ਯੋਜਨਾਬੱਧ ਢੰਗ ਨਾਲ ਫੈਲਾਈ ਜਾ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਭਾਜਪਾ ਦੀ ਮਾਨਸਿਕਤਾ ਫੁਟਪਾਊ ਹੈ। ਮੁਜ਼ੱਫਰਨਗਰ ਵਿਚ ਹੋਏ ਜਾਤੀ ਦੰਗਿਆਂ ਵਿਚ 47 ਵਿਅਕਤੀ ਮਾਰੇ ਗਏ ਸਨ।