June 16, 2026 1:46 pm

ਅਣਅਧਿਕਾਰਿਤ ਕਲੋਨੀਆਂ ਰੈਗੂਲਰ ਕਰਵਾਉਣ ਲਈ ਸੁਵਿਧਾ ਕੇਂਦਰਾਂ ਵਿੱਚ ਵਿਸ਼ੇਸ਼ ਕਾਊਂਟਰ-ਡੀ.ਸੀ.

ਸ਼ਹੀਦ ਭਗਤ ਸਿੰਘ ਨਗਰ, 16 ਸਤੰਬਰ (ਸਨਪ੍ਰੀਤ ਮਾਂਗਟ) ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਅਨੁਸਾਰ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਿਤ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਸੋਧੀ ਪਾਲਿਸੀ ਤਹਿਤ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 7 ਅਕਤੂਬਰ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਅਣ-ਅਧਿਕਾਰਿਤ ਕਲੋਨੀਆਂ ਵਿਕਸਿਤ ਕਰਨ ਵਾਲੇ ਡਿਵੈਲਪਰਾਂ/ਕਲੋਨਾਈਜ਼ਰਾਂ ਅਤੇ ਰੈਜ਼ੀਡੈਂਟ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿੱਥੀ ਗਈ ਮਿਤੀ ਤੱਕ ਆਪਣੀਆਂ ਅਰਜ਼ੀਆਂ ਸਬੰਧਤ ਨਗਰ ਕੌਂਸਲ ਦਫ਼ਤਰਾਂ ਅਤੇ ਸੁਵਿਧਾ ਕੇਂਦਰਾਂ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਹੋਰ ਕਿਹਾ ਕਿ ਨਗਰ ਕੌਂਸਲਾਂ ਦੀ ਹਦੂਦ ਅੰਦਰ ਪੈਂਦੀਆਂ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਅਰਜ਼ੀ ਦਿੱਤੀ ਜਾ ਸਕਦੀ ਹੈ। ਨਗਰ ਕੌਂਸਲਾਂ ਦੀ ਹਦੂਦ ਤੋਂ ਬਾਹਰ ਸਥਿਤ ਅਣ-ਅਧਿਕਾਰਿਤ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਵਾਸਤੇ ਗਰੇਟਰ ਲੁਧਿਆਣਾ ਵਿਕਾਸ ਅਥਾਰਿਟੀ (ਗਲਾਡਾ) ਨੂੰ ਅਰਜ਼ੀਆਂ ਦਿੱਤੀਆਂ ਜਾਣੀਆਂ ਹਨ ਅਤੇ ਗਲਾਡਾ ਨਾਲ ਸਬੰਧਤ ਅਰਜ਼ੀਆਂ ਲੈਣ ਲਈ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਦੇ ਸੁਵਿਧਾ ਕੇਂਦਰਾਂ ਵਿਖੇ ਵਿਸ਼ੇਸ਼ ਕਾਊਂਟਰ ਬਣਾਏ ਗਏ ਹਨ।