ਨਵੀਂ ਦਿੱਲੀ, 9 ਸਤੰਬਰ (ਪੀ.ਟੀ.)-‘ਸੀਨੀਅਰ ਪੱਤਰਕਾਰ, ਪ੍ਰਮੁੱਖ ਸਮਾਜ ਸੇਵੀ, ਸਿੱਖ ਚਿੰਤਕ ਅਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ. ਪੁਸ਼ਪਿੰਦਰ ਸਿੰਘ ਦੇ ਅੱਜ ਚਲਾਣਾ ਕਰ ਜਾਣ ਨਾਲ ਦਿੱਲੀ ਦੀਆਂ ਸੰਗਤਾਂ ਦੇ ਮਨ ਵਿੱਚ ਗਹਿਰੀ ਪੀੜਾ ਹੈ ਅਤੇ ਪੰਥ ਪ੍ਰਤੀ ਸ. ਪੁਸ਼ਪਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਰਾਜ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਸ. ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਸ. ਤਨਵੰਤ ਸਿੰਘ, ਸਯੁੰਕਤ ਸਕੱਤਰ ਸ. ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਨੇਤਾ ਸ. ਅਵਤਾਰ ਸਿੰਘ ਹਿੱਤ, ਸ. ਓਂਕਾਰ ਸਿੰਘ ਥਾਪਰ, ਸ. ਕੁਲਦੀਪ ਸਿੰਘ ਭੋਗਲ, ਸ. ਕੁਲਮੋਹਨ ਸਿੰਘ ਅਤੇ ਸ. ਪਰਮਜੀਤ ਸਿੰਘ ਰਾਣਾ ਨੇ ਕੀਤਾ। ਸ. ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਸ. ਪੁਸ਼ਪਿੰਦਰ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਦੁਪਹਿਰ 12.00 ਵਜੇ ਪੰਜਾਬੀ ਬਾਗ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਅੱਜ ਉਨ੍ਹਾਂ ਦੇ ਸੋਗ ਵਜੋਂ ਗੁਰਦੁਆਰਾ ਕਮੇਟੀ ਦੇ ਦਫ਼ਤਰ ਬੰਦ ਰਹੇ।