ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਗ੍ਰਹਿ ਵਿਖੇ ਪੁੱਜੇ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਦਾ ਨਿੱਘਾ ਸਵਾਗਤ ਕੀਤਾ ਅਤੇ ਵਧਾਈ ਦੇ ਕੇ ਉਨ੍ਹਾਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ।ਆਪਣੀ ਨਿਯੁਕਤੀ ਮਗਰੋਂ ਸ੍ਰੀ ਜਾਖ਼ੜ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਪੁੱਜੇ ਸਨ ਜਿੱਥੇ ਦੋਵੇਂ ਨੇਤਾ ਬੜੇ ਖੁਸ਼ੀ ਭਰੇ ਰੌਂਅ ਵਿਚ ਨਜ਼ਰ ਆਏ।ਮੁੱਖ ਮੰਤਰੀ ਆਪ ਆਪਣੇ ਵਧੇ ਹੋਏ ਰੁਝੇਵਿਆਂ ਕਾਰਨ ਪ੍ਰਧਾਨਗੀ ਤਿਆਗਣ ਦੇ ਇੱਛੁਕ ਸਨ ਅਤੇ ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਨਾ ਕੇਵਲ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਕੋਲ ਕੀਤਾ ਸੀ ਸਗੋਂ ਜਨਤਕ ਤੌਰ ‘ਤੇ ਵੀ ਕਿਹਾ ਸੀ ਕਿ ਉਹ ਦੋਵੇਂ ਅਹੁਦੇ ਰੱਖਣ ਦੇ ਚਾਹਵਾਨ ਨਹੀਂ ਹਨ।



