Skip to content
Independent perspectives. Global stories.
BREAKING

ਇਨੈਲੋ ਵੱਲੋਂ 10 ਜੁਲਾਈ ਤੋਂ ਹਰਿਆਣਾ ’ਚ ਪੰਜਾਬ ਦੀਆਂ ਗੱਡੀਆਂ ਰੋਕਣ ਦੀ ਧਮਕੀ

Share this story

ਪੰਜਾਬੀਆਂ ਨੂੰ ਸ਼ੰਭੂ ਬੈਰੀਅਰ ਤੋਂ ਅੱਗੇ ਨਹੀਂ ਲੰਘਣ ਦੇਵਾਂਗੇ : ਅਭੈ ਚੁਟਾਲਾ
image ਚੰਡੀਗੜ੍ਹ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਗੱਡੀਆਂ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਇਨੈਲੋ ਵੱਲੋਂ ਜਾਰੀ ਬਿਆਨ ਅਨੁਸਾਰ ਸਤਲੁਜ-ਯਮੁਨਾ ਨਹਿਰ ਮੁੱਦੇ ਉੱਤੇ ਅੰਦੋਲਨ ਵਜੋਂ 10 ਜੁਲਾਈ ਨੂੰ ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਗੱਡੀਆਂ ਨੂੰ ਸ਼ੰਭੂ ਬੈਰੀਅਰ ‘ਤੇ ਰੋਕੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਇਨੈਲੋ ਆਗੂ ਸ੍ਰੀ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ 10 ਜੁਲਾਈ ਨੂੰ ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਤੇ ਸਰਕਾਰੀ ਵਾਹਨਾਂ ਨੂੰ ਸ਼ੰਭੂ ਬੈਰੀਅਰ ਤੋਂ ਅੱਗੇ ਲੰਘਣ ਨਹੀਂ ਜਾਣ ਦਿੱਤਾ ਜਾਵੇਗਾ।ਐਲਾਨ ਅਨੁਸਾਰ ਨਿੱਜੀ ਕਾਰਾਂ ‘ਤੇ ਸਫ਼ਰ ਕਰ ਰਹੇ ਲੋਕਾਂ ਨੂੰ ਇਸ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਰ ਇਸ ਮੁੱਦੇ ਉੱਤੇ ਇਨੈਲੋ ਨੇ ਨਿੱਜੀ ਵਾਹਨਾਂ ਲਈ ਇੱਕ ਸ਼ਰਤ ਵੀ ਰੱਖੀ ਹੈ ਜਿਸ ਅਨੁਸਾਰ ਆਪਣੇ ਨਿੱਜੀ ਵਾਹਨਾਂ ’ਤੇ ਜਾਣ ਵਾਲੇ ਲੋਕ ਜੇ ਉਨ੍ਹਾਂ ਨੂੰ ਨਹਿਰ ਬਾਰੇ ਪੰਜਾਬ ਦੇ ਰਵੱਈਏ ਖ਼ਿਲਾਫ਼ ਮੈਮੋਰੈਂਡਮ ਲਿਖ ਕੇ ਦੇਣਗੇ ਤਾਂ ਹੀ ਉਨ੍ਹਾਂ ਨੂੰ ਹਰਿਆਣਾ ਵਿੱਚ ਐਂਟਰੀ ਦਿੱਤੀ ਜਾਵੇਗੀ।ਪੰਜਾਬ ਤੋਂ ਦਿੱਲੀ ਜਾਂ ਦਿੱਲੀ ਤੋਂ ਪੰਜਾਬ ਆਉਂਦੇ ਹਰ ਵਾਹਨ ਨੂੰ ਸ਼ੰਭੂ ਬਾਰਡਰ ਟੱਪ ਕੇ ਹੀ ਆਉਣਾ ਪੈਂਦਾ ਹੈ। ਇਸ ਤੋਂ ਪਹਿਲਾਂ 20-21 ਮਾਰਚ ਨੂੰ ਇਨੈਲੋ ਨੇ ਐਸਵਾਈਐਲ ਨਹਿਰ ਪੁੱਟਣ ਦੀ ਚੇਤਾਵਨੀ ਦਿੱਤੀ ਸੀ ਜਿਸ ਦੇ ਵਿਰੋਧ ਵਿੱਚ ਪੰਜਾਬ ਦੇ ਲੋਕ ਵੀ ਨਹਿਰ ਦੀ ਖ਼ਿਲਾਫ਼ਤ ’ਚ ਖੜ ਗਏ ਸਨ।ਉਸ ਵਕਤ ਸੂਬਾ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਸ਼ੰਭੂ ਬਾਰਡਰ ਅਤੇ ਕਪੂਰੀ ਵਿੱਚ ਕਰੜੀ ਤੈਨਾਤੀ ਸਦਕਾ ਇਹ ਅੰਦੋਲਨ ਅਸਫਲ ਹੋ ਗਿਆ ਸੀ। ਇਨੈਲੋ ਦੀ ਨਵੀਂ ਧਮਕੀ ਕਾਰਨ ਇੱਕ ਵਾਰ ਫਿਰ ਹਾਲਾਤ ਵਿਸਫੋਟਕ ਬਣ ਗਏ ਹਨ। ਪੰਜਾਬ ’ਚੋਂ ਵੀ ਇਸ ਧਮਕੀ ਖਿਲਾਫ ਤਿੱਖਾ ਪ੍ਰਤੀਕਰਮ ਹੋ ਸਕਦਾ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਇਸ ਸਮੇਂ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਕੇਂਦਰ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਨਾਲ ਇਸ ਮੁੱਦੇ ’ਤੇ ਗੱਲਬਾਤ ਕਰ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਹਰਿਆਣਾ ਦੀ ਵਿਰੋਧੀ ਧਿਰ ਇਨੈਲੋ ਵੱਲੋਂ ਅੰਦੋਲਨ ਦਾ ਐਲਾਨ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਰਿਹਾ ਪ੍ਰਤੀਤ ਹੋ ਰਿਹਾ ਹੈ।

WRITTEN BY