ਨਵੀਂ ਦਿੱਲੀ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਰੁਪਏ ਵਿੱਚ ਆਈ ਭਾਰੀ ਗਿਰਾਵਟ ਅਤੇ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁ. 35 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 50 ਪੈਸੈ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਵਿੱਚ ਰਾਜਾਂ ਵੱਲੋਂ ਲਾਏ ਜਾਣ ਵਾਲੇ ਟੈਕਸ ਸ਼ਾਮਿਲ ਨਹੀਂ ਹਨ।

ਸੰਭਾਵਨਾ ਇਹ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਰਸੋਈ ਗੈਸ ਦੀ ਕੀਮਤ ‘ਚ 50 ਰੁਪਏ ਪ੍ਰਤੀ ਸਿਲੰਡਰ ਅਤੇ ਮਿੱਟੀ ਦੇ ਤੇਲ ਦੀ ਕੀਮਤ ‘ਚ ਵੀ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਤੇਲ ਮੰਤਰੀ ਵੀਰੱਪਾ ਮੋਇਲੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਰੁਪਏ ਦੀ ਕੀਮਤ ਘਟਣ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਆਏ ਉਛਾਲ ਨਾਲ 1,80,000 ਕਰੋੜ ਰੁਪਏ ਦੇ ਪੈ ਰਹੇ ਰਿਕਾਰਡ ਘਾਟੇ ਨਾਲ ਨਜਿੱਠਣ ਲਈ ਕਦਮ ਚੁੱਕੇ ਜਾਣ। ਸ੍ਰੀ ਮੋਇਲੀ ਜਿਨ੍ਹਾਂ ਨੇ ਵੀਰਵਾਰ ਵਿਚ ਵਿਤ ਮੰਤਰੀ ਪੀ ਚਿਦੰਬਰਮ ਨਾਲ ਮੁਲਾਕਾਤ ਕੀਤੀ ਸੀ ਨੇ 30 ਅਗਸਤ ਨੂੰ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਕੀਮਤਾਂ ਵਧਾਉਣ ਤੋਂ ਬਿਨਾਂ ਸਰਕਾਰ ਨੂੰ ਡੀਜ਼ਲ ਤੇ ਰਸੋਈ ਗੈਸ ‘ਤੇ 97500 ਕਰੋੜ ਰੁਪਏ ਸਬਸਿਡੀ ਦੇਣੀ ਪਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਜੇਕਰ ਮੌਜੂਦਾ ਸਥਿਤੀ ਜਾਰੀ ਰਹਿੰਦੀ ਹੈ ਤਾਂ 2012-13 ਦੇ 161000 ਕਰੋੜ ਰੁਪਏ ਦੇ ਮੁਕਾਬਲੇ ਮੌਜੂਦਾ ਵਿਤ ਵਰ੍ਹੇ ਦੌਰਾਨ ਮਾਲੀ ਨੁਕਸਾਨ 180000 ਕਰੋੜ ਤਕ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਜਨਵਰੀ ਤੋਂ ਹਰੇਕ ਮਹੀਨੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲਿਟਰ ਵਧਾਉਣ ਦੇ ਬਾਵਜੂਦ ਰੁਪਏ ਦੀ ਕੀਮਤ 25 ਫ਼ੀਸਦੀ ਘਟਣ ਕਾਰਨ ਡੀਜ਼ਲ ‘ਤੇ ਪ੍ਰਤੀ ਲਿਟਰ ਘਾਟਾ 10.22 ਰੁਪਏ ‘ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਮਿੱਟੀ ਦੇ ਤੇਲ ‘ਤੇ ਪ੍ਰਤੀ ਲਿਟਰ 33.54 ਰੁਪਏ ਅਤੇ ਰਸੋਈ ਗੈਸ ‘ਤੇ ਪ੍ਰਤੀ ਸਿਲੰਡਰ 412 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਜਿਸ ਨਾਲ ਇਹ ਘਾਟਾ 180000 ਕਰੋੜ ਤਕ ਪਹੁੰਚ ਜਾਵੇਗਾ। ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਮੌਜੂਦਾ ਮੌਨਸੂਨ ਇਜਲਾਸ ਪਿੱਛੋਂ ਸੰਭਵ ਹੈ ਜਿਹੜਾ 6 ਸਤੰਬਰ ਨੂੰ ਖਤਮ ਹੋ ਰਿਹਾ ਹੈ।