ਤਲਵੰਡੀ ਸਾਬੋ, 24 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਪੁਲਿਸ ਪ੍ਰਸਾਸ਼ਨ ਦੀ ਕਥਿਤ ਮਿਲੀਭੁਗਤ ਅਤੇ ਕੁੱਝ ਰਾਜਨੀਤਿਕ ਆਗੂਆਂ ਦੇ ਆਸ਼ੀਰਵਾਦ ਸਦਕਾ ਠੁੱਸ ਹੁੰਦੀ ਨਜ਼ਰ ਆ ਰਹੀ ਹੈ। ਪਵਿੱਤਰ ਸ਼ਹਿਰ ਐਲਾਨੇ ਹੋਏ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਦੀ ਹਰ ਗਲੀ ਅਤੇ ਹਰ ਮੋੜ ਤੇ ਨਸ਼ਿਆਂ ਦੀ ਵਿੱਕਰੀ ਅਤੇ ਵਰਤੋਂ ਪਹਿਲਾਂ ਦੀ ਤਰ੍ਹਾਂ ਹੀ ਲਗਾਤਾਰ ਜਾਰੀ ਹੈ।ਫ਼ਰਕ ਸਿਰਫ਼ ਐਨਾ ਹੀ ਪਿਆ ਹੈ ਕਿ ਵੀਹ ਜਾਂ ਤੀਹ ਰੁਪਏ ਵਿੱਚ ਮਿਲਣ ਵਾਲਾ ਨਸ਼ੀਲੀਆਂ ਗੋਲੀਆਂ ਦਾ ਪੱਤਾ ਹੁਣ ਪੂਰੇ ਇੱਕ ਸੌ ਰੁਪਏ ਦਾ ਮਿਲਣ ਲੱਗ ਗਿਆ ਹੈ। ਜਿਸ ਨਾਲ ਨਸ਼ੇੜੀਆਂ ਦੀ ਲੁੱਟ ਅਤੇ ਨਸ਼ਾ ਕਾਰੋਬਾਰੀਆਂ ਦੀ ਕਮਾਈ ਵਿੱਚ ਵਾਧਾ ਹੋਣ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਅਤੇ ਸਿਆਸੀ ਆਗੂਆਂ ਦੀ ਚਾਂਦੀ ਹੋ ਰਹੀ ਹੈ। ਸਥਾਨਕ ਬੱਸ ਅੱਡੇ ਦੇ ਨਜ਼ਦੀਕ ਭੰਗ ਘੋਟ ਕੇ ਵੇਚਣ ਦਾ ਕਾਰੋਬਾਰ ਜਿੱਥੇ ਪਿਛਲੇ ਲੰਮੇਂ ਸਮੇਂ ਤੋਂ ਬੇ-ਰੋਕ ਟੋਕ ਜ਼ਾਰੀ ਹੈ ਉੱਥੇ ਗਾਂਜਾ ਅਤੇ ਸੁਲਫ਼ਾ ਦੀ ਵਿੱਕਰੀ ਵੀ ਪ੍ਰਸਾਸ਼ਨ ਦੀ ਕੀਥਤ ਮਿਲੀ ਭੁਗਤ ਨਾਲ ਸ਼ਰੇਆਮ ਜ਼ਾਰੀ ਹੈ।ਐਥੇ ਹੀ ਬੱਸ ਨਹੀਂ ਸ਼ਹਿਰ ਦੀ ਹਰ ਗਲੀ ਵਿੱਚ ਸ਼ਰਾਬ ਦੇ ਨਜਾਇਜ਼ ਠੇਕੇ ਚੱਲ ਰਹੇ ਹਨ ਅਤੇ ਪਰਚੂਨ ਦੀਆਂ ਦੁਕਾਨਾਂ ਪੋਸਤ ਚੂਰਾ ,ਅਫ਼ੀਮ ਅਤੇ ਨਸ਼ੀਲੀਆਂ ਗੋਲੀਆਂ ਆਦਿ ਵੇਚਣ ਦੇ ਕੇਂਦਰ ਬਣੇ ਹੋਏ ਹਨ ਜਦੋਂ ਕਿ ਪਕੌੜਿਆਂ ਅਤੇ ਆਂਡਿਆਂ ਵਾਲੀਆਂ ਰੇਹੜੀਆਂ ਤੇ ਵੀ ਸ਼ਰਾਬ ਦੀ ਵਿੱਕਰੀ ਹੋ ਰਹੀ ਹੈ।ਭਰੋਸੇਯੋਗ ਸੂਤਰਾਂ ਦੀ ਮੰਨੀਏਂ ਤਾਂ ਪੁਲਿਸ ਵੱਲੋਂ ਨਸ਼ਿਆਂ ਸੰਬੰਧੀ ਦਰਜ਼ ਕੀਤੇ ਜਾਣ ਵਾਲੇ ਪਰਚਿਆਂ ਵਿੱਚੋਂ ਨਸ਼ਾ ਤਸਕਰਾਂ ਦਾ ਨਾਮ ਵੀ ਇਸੇ ਕਰਕੇ ਆਮ ਤੌਰ ਤੇ ਗਾਇਬ ਕਰਕੇ ਦੋਸ਼ੀਆਂ ਨੂੰ ਮੌਕੇ ਤੋਂ ਭੱਜਿਆ ਦਿਖਾਇਆ ਜਾਂਦਾ ਹੈ ਕਿਉਂਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਕਥਿਤ ਮਿਲੀ ਭਗਤ ਕਰਕੇ ਭਜਾਇਆ ਗਿਆ ਹੁੰਦਾ ਹੈ। ਇਸੇ ਤਰ੍ਹਾਂ ਹਲਕੇ ਦੇ ਪਿੰਡਾਂ ਦੀ ਹਾਲਤ ਵੀ ਇਸ ਤੋਂ ਵੱਖਰੀ ਨਹੀਂ ਹੈ।ਪਿੰਡਾਂ ਅੰਦਰ ਜਿੱਥੇ ਮੈਡੀਕਲ ਸਟੋਰਾਂ ਤੇ ਸ਼ਰੇਆਮ ਨਸ਼ਲੇ ਪਦਾਰਥਾਂ ਦੀ ਵਿੱਕਰੀ ਦੇ ਚਰਚੇ ਹਨ ਉਥੇ ਪਿੰਡਾਂ ਦੀਆਂ ਬਹੁਤੀਆਂ ਪਰਚੂਨ ਦੀਆਂ ਦੁਕਾਨਾਂ ਵੀ ਕਥਿੱਤ ਤੌਰ ਤੇ ਨਸ਼ੇੜੀਆਂ ਦਾ ਘਰ ਪੂਰਾ ਕਰਨ ਦਾ ਕੰਮ ਕਰ ਰਹੀਆਂ ਹਨ।ਆਮ ਲੋਕ ਜਿੱਥੇ ਇਸ ਵਰਤਾਰੇ ਡਾਹਡੇ ਦੁਖ਼ੀ ਹਨ ਉੱਥੇ ਸਿਆਸੀ ਪਾਰਟੀਆਂ ਦੇ ਵੱਖ ਵੱਖ ਅਹੁਦੇ ਸਾਂਭੀ ਬੈਠੇ ਕੁੱਝ ਘਟੀਆ ਸੋਚ ਦੇ ਲੋਕ ਅਤੇ ਪੁਲਿਸ ਮਹਿਕਮੇਂ ਵਿੱਚ ਬੈਠੇ ਗਿਣਤੀ ਦੇ ਭਰਿਸ਼ਟ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦਾ ਸਹਾਰਾ ਲੈ ਕੇ ਆਪਣੀ ਕਮਾਈ ਵਿੱਚ ਚੋਖਾ ਵਾਧਾ ਕੀਤਾ ਜਾ ਰਿਹਾ ਹੈ।
ਪੁਲਿਸ ਦੀ ਕਥਿਤ ਮਿਲੀਭੁਗਤ ਅਤੇ ਸਿਆਸੀ ਸ੍ਰਪਰਸਤੀ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਬਣਿਆ ਨਸ਼ਿਆਂ ਦੀ ਮੰਡੀ



