ਪ੍ਰਧਾਨ ਮੰਤਰੀ ਵੱਲੋਂ ਹਮਲੇ ਦੀ ਘੋਰ ਨਿੰਦਾ
ਸੁਕਮਾ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਸੁਕਮਾ ’ਚ ਸੋਮਵਾਰ ਨੂੰ ਸ਼ੱਕੀ ਮਾਓਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ 26 ਜਵਾਨ ਸ਼ਹੀਦ ਹੋ ਗਏ ਜਦੋਂਕਿ 6 ਗੰਭੀਰ ਜ਼ਖਮੀ ਹੋਏ ਹਨ।ਇਹ ਹਮਲਾ ਦੁਪਹਿਰ ਬਾਅਦ 12:45 ’ਤੇ ਹੋਇਆ। ਇਹ ਇਲਾਕਾ ਨਕਸਲ ਪ੍ਰਭਾਵਿਤ ਦਖਣ ਵਸਤਰ ਖੇਤਰ ਵਿੱਚ ਪੈਂਦਾ ਹੈ। ਮੁਕਾਬਲੇ ਵਿੱਚ ਮੌਕੇ ’ਤੇ 25 ਜਵਾਨ ਮਾਰੇ ਗਏ ਜਦੋਂ ਕਿ 1 ਦੀ ਮੌਤ ਹਸਪਤਾਲ ਵਿੱਚ ਹੋਈ। ਸਰਕਾਰੀ ਸੂਚਨਾ ਮੁਤਾਬਿਕ ਇਸ ਹਮਲੇ ਵਿੱਚ 300 ਤੋਂ ਵਧ ਮਾਓਵਾਦੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਵਧੇਰੇ ਔਰਤਾਂ ਸਨ। ਜਵਾਬੀ ਗੋਲੀਬਾਰੀ ਵਿੱਚ 12 ਮਾਓਵਾਦੀ ਵੀ ਮਾਰੇ ਗਏ ਦੱਸੇ ਜਾ ਰਹੇ ਹਨ। ਸੀਆਰਪੀਐਫ ਦੇ ਜਵਾਨ ਇਸ ਖੇਤਰ ਵਿੱਚ ਇੱਕ ਸੜਕ ਦੀ ਉਸਾਰੀ ਦੌਰਾਨ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਖੇਤਰ ਵਿੱਚ ਰਾਹਤ ਟੀਮਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੀਆਰਪੀਐਫ ਦੇ ਜਵਾਬੀ ਪਹਿਲੇ ਹਮਲੇ ਵਿੱਚ 5 ਮਾਓਵਾਦੀ ਮਾਰੇ ਗਏ। ਦਾਂਤੇਵਾੜਾ ਦੇ ਆਈਜੀ ਸ੍ਰੀ ਪੀ ਸੁੰਦਰ ਰਾਜ ਮੁਤਾਬਿਕ ਮਾਰੇ ਗਏ ਜਵਾਨ ਸੀਆਰਪੀਐਫ ਦੀ 74ਵੀਂ ਬਟਾਲੀਅਨ ਨਾਲ ਸਬੰਧਿਤ ਸਨ। ਸ਼ਹੀਦ ਜਵਾਨਾਂ ’ਚ ਇੱਕ ਇੰਸਪੈਕਟਰ ਰੈਂਕ ਦਾ ਅਧਿਕਾਰੀ ਵੀ ਸ਼ਾਮਿਲ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਸ਼ਹਾਦਤਾਂ ਬੇਕਾਰ ਨਹੀਂ ਜਾਣਗੀਆਂ। ਪਿਛ੍ਰੇ 2 ਮਹੀਨਿਆਂ ਵਿੱਚ ਇਹ ਸਭ ਤੋਂ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ 11 ਮਾਰਚ ਨੂੰ 10 ਜਵਾਨ ਸ਼ਹੀਦ ਕਰ ਦਿੱਤੇ ਗਏ ਸਨ। ਦੱਸਿਆ ਜਾਂਦਾ ਹੈ ਕਿ ਖੇਤਰ ਵਿੱਚ 20 ਕਿੱਲੋਮੀਟਰ ਲੰਬੀ ਸੜਕ ਬਣਾਈ ਜਾ ਰਹੀ ਸੀ। ਮਾਓਵਾਦੀਆਂ ਨੇ ਵੱਖ-ਵੱਖ ਗਰੁੱਪਾਂ ਵਿੱਚ 12 ਥਾਵਾਂ ’ਤੇ ਹਮਲਾ ਬੋਲਿਆ। ਮਾਓਵਾਦੀ ਕੁਝ ਜਵਾਨਾਂ ਦੇ ਹਥਿਆਰ ਵੀ ਖੋਹ ਕੇ ਲੈ ਗਏ। ਘਟਨਾ ਤੋਂ ਬਾਅਦ ਮੁੱਖ ਮੰਤਰੀ ਰਮਨ ਸਿੰਘ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ। ਕੇਂਦਰ ਵੀ ਮਾਮਲੇ ‘ਤੇ ਨਜ਼ਰ ਰੱਖ ਰਿਹਾ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਰਮਨ ਸਿੰਘ ਨੇ ਆਪਣੀ ਦਿੱਲੀ ਯਾਤਰਾ ਰੱਦ ਕਰ ਦਿੱਤੀ ਅਤੇ ਵਾਪਸ ਰਾਏਪੁਰ ਪਹੁੰਚੇ ਅਤੇ ਐਮਰਜੈਂਸੀ ਮੀਟਿੰਗ ’ਚ ਅਧਿਕਾਰੀਆਂ ਨਾਲ ਚਰਚਾ ਕੀਤੀ। ਮਾਓਵਾਦੀਆਂ ਨੇ ਇਥੇ ਟ੍ਰੈਪ ਲਗਾਇਆ ਹੋਇਆ ਸੀ, ਜਿਸ ‘ਚ ਸੀ.ਆਰ.ਪੀ.ਐਫ. ਦੇ ਜਵਾਨ ਫਸ ਗਏ।



