ਗਿੱਦੜਬਾਹਾ, 24 ਅਪ੍ਰੈਲ (ਦਵਿੰਦਰ ਬਾਘਲਾ, ਕੁਲਦੀਪ ਨਰੂਲਾ)- ਅਕਾਲੀ ਦਲ ’ਤੇ ਦੋਸ਼ ਲਾਉਣ ਵਾਲੀ ਕਾਂਗਰਸ ਦਾ ਸਰਕਾਰ ਬਨਣ ਦੇ ਡੇਢ ਮਹੀਨੇ ਤੋਂ ਵੀ ਘੱਟ ਸਮੇਂ ’ਚ ਹੀ ਲੋਕ ਵਿਰੋਧੀ ਚਿਹਰਾ ਨੰਗਾ ਹੋ ਸਾਹਮਣਾ ਆ ਗਿਆ ਹੈ, ਇਸ ਦਾ ਜਿਉਂਦਾ ਜਾਗਦਾ ਸਬੂਤ ਹਨ ਗਿਦੜ੍ਹਬਾਹਾ ’ਚ ਕਾਂਗਰਸੀ ਵਰਕਰਾਂ ਵੱਲੋਂ ਆਪਣੇ ਅਕਾਵਾਂ ਦੀ ਸ਼ਹਿ ’ਤੇ ਗਰੀਬ ਮਜਲੂਮਾਂ ਅਤੇ ਲੋਕਤੰਤਰ ਦੇ ਚੌਥੇ ਥੰਮ ਮੰਨੇ ਜਾਂਦੇ ਪੱਤਰਕਾਰ ਦੀ ਕੁੱਟਮਾਰ, ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਸੂਰੇਵਾਲਾ ’ਚ ਉਨਾਂ ਨਾਲ ਜੇਲਾਂ ਕੱਟਣ ਵਾਲੇ ਸ੍ਰ ਬੰਤਾ ਸਿੰਘ ਦੀ ਮੌਤ ਤੋਂ ਬਾਅਦ ਉਨਾਂ ਦੇ ਪ੍ਰਵਾਰ ਨਾਲ ਦੁੱਖ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨਾਂ ਕਿਹਾ ਕਿ ਹੁਣ ਇਹ ਸਾਫ ਜਾਹਰ ਹੋ ਗਿਆ ਕਿ ਸੂਬੇ ਅੰਦਰ ਕਾਨੂੰਨ ਦਾ ਨਹੀਂ ਸਗੋਂ ਗੁੰਡਾ ਰਾਜ ਸ਼ੁਰੂ ਹੋ ਗਿਆ। ਉਨਾਂ ਅੱਗੇ ਕਿਹਾ ਕਿ ਪੰਜਾਬ ਨੂੰ ਚਾਰ ਹਫਤਿਆਂ ’ਚ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ। ਉਨਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਨਵੇਂ ਵਿਕਾਸ ਕਾਰਜ ਚਾਲੂ ਕਰਨ ਦੀ ਬਜਾਏ ਖ਼ਜਾਨੇ ਨੂੰ ਖਾਲੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਉਨਾਂ ਨਾਲ ਜੱਥੇਦਾਰ ਗੁਰਪਿਆਰ ਸਿੰਘ ਮੱਲ੍ਹਣ, ਜਬਰਜੰਗ ਸਿੰਘ ਢਿੱਲੋਂ ਦੋਦਾ, ਮਨੀ ਢਿੱਲੋਂ, ਨਵਤੇਜ ਸਿੰਘ ਕੌਣੀ, ਜਸਵੀਰ ਸਿੰਘ ਸਰਪੰਚ, ਬਲਕਰਨ ਸਿੰਘ, ਸਿਵਰਾਜ ਸਿੰਘ ਖਿੜਕੀਆਂ ਵਾਲਾ, ਜਸਵੰਤ ਸਿੰਘ, ਜਸਮੇਲ ਸਿੰਘ ਪ੍ਰਧਾਨ, ਜੱਗਾ ਵੜਿੰਗ ਮੱਲ੍ਹਣ, ਜਤਿੰਦਰ ਸਿੰਘ ਭੁੱਟੀਵਾਲਾ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਡੇਢ ਮਹੀਨੇ ’ਚ ਹੀ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਨੰਗਾ : ਸ. ਬਾਦਲ



