ਮਲੋਟ, 22 ਅਪ੍ਰੈਲ (ਜਗਦੀਪ ਧਵਨ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਬਲਜੋਤ ਸਿੰਘ ਰਠੋਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ, ਮਲੋਟ ਦੇ ਪੁਲਿਸ ਕਪਤਾਨ ਭਾਗੀਰਥ ਮੀਣਾ ਆਈ ਪੀ ਐਸ ਅਤੇ ਏ ਐਸ ਪੀ ਮਲੋਟ ਦੀਪਕ ਪਾਰੀਕ ਆਈ ਪੀ ਐਸ ਦੀਆਂ ਹਦਾਇਤਾਂ ਤੇ ਮਲੋਟ ਸਦਰ ਦੇ ਥਾਣਾ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸਖਤ ਮਿਹਨਤ ਕਰਕੇ ਪਿੰਡ ਖੂਨਨ ਕਲਾਂ ਵਿਚ ਹੋਏ ਬਲਜਿੰਦਰ ਸਿੰਘ ਦੇ ਕਤਲ ਲਈ ਜਿੰਮੇਵਾਰ ਉਸਦੀ ਪਤਨੀ ਸਮੇਤ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਥਾਣਾ ਮੁੱਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਥਾਣਾ ਸਦਰ ਮਲੋਟ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਪਿੰਡ ਖੂਨਨ ਕਲਾਂ ਦੇ ਬਲਜਿੰਦਰ ਸਿੰਘ ਬਿੱਲਾ ਦੀ ਪਤਨੀ ਸੋਮਪਾਲ ਕੌਰ ਦੇ ਨਜਾਇਜ ਸਬੰਧ ਘਰ ਦੇ ਪਿਛਲੇ ਪਾਸੇ ਰਹਿਣ ਵਾਲੇ ਕਿਸਾਨ ਗੁਰਪਿੰਦਰ ਸਿੰਘ ਪਿੰਦਾ ਨਾਲ ਬਣ ਗਏ ਸਨ। ਗੁਰਪਿੰਦਰ ਸਿੰਘ ਪਿੰਦਾ ਦਾ ਪਤਨੀ ਨਾਲ ਤਲਾਕ ਨੂੰ ਲੈਕੇ ਮਾਮਲਾ ਚੱਲ ਰਿਹਾ ਸੀ ਪਰ ਪਿੰਡ ਦੀ ਇਕ ਔਰਤ ਪਰਮਜੀਤ ਕੌਰ ਔਰਤਾਂ ਨੂੰ ਝਾਂਸੇ ਵਿਚ ਲਿਆਕੇ ਉਸਨੂੰ ਮਿਲਾਉਣ ਦਾ ਕੰਮ ਕਰਦੀ ਸੀ। ਇਸ ਦੌਰਾਨ ਹੀ ਉਸਨੇ ਸੋਮਪਾਲ ਕੌਰ ਨੂੰ ਲਾਲਚ ਦੇਕੇ ਪਿੰਦੇ ਨਾਲ ਮਿਲਾਇਆ ਅਤੇ ਦੋਨਾਂ ਵਿਚ ਸਬੰਧਤ ਕਾਇਮ ਹੋ ਗਏ। ਸੋਮਪਾਲ ਦਾ ਪਤੀ ਬਿੱਲਾ ਇਸ ਤੇ ਇਤਰਾਜ ਕਰਦਾ ਸੀ ਜਿਸ ਤੇ ਪਿੰਦੇ ਨੇ ਸੋਮਪਾਲ ਕੌਰ, ਪਰਮਜੀਤ ਕੌਰ ਅਤੇ ਆਪਣੇ ਸੀਰੀ ਕੁਲਵਿੰਦਰ ਉਰਫ ਭੂਪ ਨਾਲ ਮਿਲ ਕਿ ਬਿੱਲੇ ਨੂੰ ਰਸਤੇ ਵਿਚੋਂ ਹਟਾਉਣ ਦੀ ਯੋਜਨਾ ਬਣਾ ਲਈ ਅਤੇ ਫਿਰ ਉਸਦਾ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਚਾਰੇ ਦੋਸ਼ੀਆਂ ਸੋਮਪਾਲ ਕੌਰ , ਗੁਰਪਿੰਦਰ ਸਿੰਘ ਪਿੰਦਾ, ਸੀਰੀ ਕੁਲਵਿੰਦਰ ਸਿੰਘ ਭੂਪ ਅਤੇ ਪਰਮਜੀਤ ਕੌਰ ਨੂੰ ਕਤਲ ਵਿਚ ਵਰਤੀ ਅਲਟੋ ਕਾਰ ਅਤੇ ਕਾਪੇ ਸਣੇ ਕਾਬੂ ਕਰ ਲਿਆ ਹੈ। ਸਾਰੇ ਦੋਸ਼ੀਆਂ ਨੂੰ ਮਾਨਯੋਗ ਗੁਰਪ੍ਰੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਪਤੀ ਦਾ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟਣ ਵਾਲੀ ਪਤਨੀ ਸਣੇ 4 ਗ੍ਰਿਫ਼ਤਾਰ-ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ



