ਭਦੌੜ, 21 ਅਪ੍ਰੈਲ (ਯੋਗੇਸ਼ ਸ਼ਰਮਾ)- ਬਰਨਾਲਾ-ਬਾਜਾਖਾਨਾ ਰੋਡ ’ਤੇ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੋਬਿੰਦ ਸਕੂਲ ਦੇ ਪ੍ਰਿੰਸੀਪਲ ਜੈਸਨ ਜੋਸ਼ ਆਪਣੇ ਡਰਾਇਵਰ ਨਾਲ ਈਓਨ ਗੱਡੀ ’ਤੇ ਭਦੌੜ ਤੋਂ ਜੰਗੀਆਣਾ ਵੱਲ ਜਾ ਰਹੇ ਸਨ ਜਦੋਂ ਡਵਾਇਡਰ ਖ਼ਤਮ ਹੋਣ ’ਤੇ ਉਹਨਾਂ ਗੱਡੀ ਸੱਜੇ ਮੋੜੀ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਇਨੋਵਾ ਗੱਡੀ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਕੱਠੇ ਹੋਏ ਲੋਕਾਂ ਚ ਮਾਸਟਰ ਪਰਮਜੀਤ ਸਿੰਘ ਅਤੇ ਗੁਰਦੀਪ ਪੱਪਾ ਨੇ ਦੱਸਿਆ ਕਿ ਇਨੋਵਾ ਗੱਡੀ ਵਾਲੇ ਬਾਘਾਪੁਰਾਣਾ ਤੋਂ ਆਏ ਸਨ ਅਤੇ ਇੱਥੇ ਆਪਣੀ ਲੜਕੀ ਦੇ ਰਿਸ਼ਤੇਦਾਰਾਂ ਨਾਲ ਮਿਲਣੀ ਕਰਕੇ ਵਾਪਿਸ ਜਾ ਰਹੇ ਸਨ ਅਤੇ ਕੁੱਝ ਦੀ ਸ਼ਰਾਬ ਵੀ ਪੀਤੀ ਹੋਈ ਸੀ। ਹਾਦਸਾ ਹੋਣ ਉਪਰੰਤ ਉਕਤ ਇਨੋਵਾ ਸਵਾਰ ਗੱਡੀ ਚੋਂ ਉਤਰ ਆਏ ਅਤੇ ਸ਼ਰਾਬ ਦੇ ਨਸ਼ੇ ਵਿੱਚ ਡਰਾਇਵਰ ਅਤੇ ਪ੍ਰਿੰਸੀਪਲ ਨਾਲ ਬਦਸਲੂਕੀ ’ਤੇ ਉਤਰ ਆਏ, ਮੌਕੇ ’ਤੇ ਪੁਲਿਸ ਪਾਰਟੀ ਪੁੱਜਣ ਅਤੇ ਲੋਕਾਂ ਦੇ ਇਕੱਠ ਕਾਰਨ ਮਾਹੌਲ ਤਣਾਅਪੂਰਨ ਹੋਣ ਤੋਂ ਬਚਾਅ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਮਾਮਲਾ ਥਾਣੇ ਪੁੱਜ ਚੁੱਕਾ ਸੀ ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ।
ਭਦੌੜ ਵਿਖੇ ਦੋ ਗੱਡੀਆਂ ਦੀ ਭਿਆਨਕ ਟੱਕਰ



