Skip to content
Independent perspectives. Global stories.
BREAKING

ਟਕਸਾਲੀ ਅਕਾਲੀ ਜ਼ਮੀਰ ਦੀ ਆਵਾਜ਼ ਸੁਣਨ : ਸ. ਰਵੀਇੰਦਰ ਸਿੰਘ

Share this story

image ਚੰਡੀਗੜ੍ਹ, 21 ਅਪ੍ਰੈਲ- ਆਖੰਡ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਾਹਿਬ ਗਿਆਨੀ ਗੁਰਮੁਖ ਸਿੰਘ ਦੁਆਰਾ ਡੇਰਾ ਸਿਰਸਾ ਮਾਫੀ ਵਿਵਾਦ ਬਾਰੇ ਕੀਤੇ ਤਾਜ਼ਾ ਖੁਲਾਸੇ ਦੀ ਰੋਸ਼ਨੀ ਵਿਚ ਸਮੂਹ ਖਾਲਸਾ ਪੰਥ ਅਤੇ ਟਕਸਾਲੀ ਅਕਾਲੀ ਆਗੂਆਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਦਿਆਂ ਸਿੱਖਾਂ ਦੀ ਸਿਆਸੀ ਜਮਾਤ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੇ ਜ਼ਮੀਰਫਰੋਸ਼ਾਂ ਦੀ ਕੈਦ ਚੋਂ ਆਜ਼ਾਦ ਕਰਵਾਉਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਨਾਲ ਹੀ ਅੱਜ ਬਾਦਲਕਿਆਂ ਦੇ ਇਸ਼ਾਰੇ ‘ਤੇ ਗਿਆਨੀ ਗੁਰਮੁਖ ਸਿੰਘ ਦੀ ਬਰਖਾਸਤਗੀ ਨੂੰ ਹੱਕ ਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਤੁਲ ਗਰਦਾਨਦਿਆਂ ਇਸ ਕਾਰਵਾਈ ਨੂੰ ਬਾਦਲਕਿਆਂ ਦਾ ਇਕ ਹੋਰ ਪਾਪ ਆਖਿਆ। ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਦੇ ਤਾਜ਼ਾ ਇੰਕਸ਼ਾਫ ਦੀ ਸਾਰਥਕਤਾ ਅਤੇ ਅਹਿਮੀਅਤ ਨੂੰ ਮਹਿਸੂਸ ਕਰਦਿਆਂ ਸਾਡੇ ਸਭ ਲਈ ਇਹ ਜ਼ਰੂਰੀ ਹੈ ਕਿ ਆਪਣੀਆਂ ਨਿੱਜੀ ਲਾਲਸਾਵਾਂ ਅਤੇ ਛੋਟੇ ਛੋਟੇ ਮੱਤਭੇਦਾਂ ਨੂੰ ਤਿਆਗਦੇ ਹੋਏ ਸਮੁੱਚੇ ਖਾਲਸਾ ਪੰਥ ਦੀ ਬਿਹਤਰੀ ਲਈ ਇਕਜੁੱਟ ਹੋ ਜਾਈਏ।
ਅੱਜ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਸਾਡੀ ਹੋਂਦ ਤੇ ਹਸਤੀ ਨੂੰ ਹੀ ਵੰਗਾਰ ਰਹੀਆਂ ਹਨ। ਸਿੱਖਾਂ ਦੀਆਂ ਬੇਅੰਤ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਸ਼ਾਨਾਮੱਤੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਉਤੇ ਅੱਜ ਬਾਦਲਕਿਆਂ ਰਾਹੀਂ ਆਰਐਸਐਸ ਵਰਗੀਆਂ ਪੰਥ ਦੀਆਂ ਦੁਸ਼ਮਣ ਜਮਾਤਾਂ ਦਾ ਕਬਜ਼ਾ ਹੋ ਰਿਹਾ ਹੈ। ਬਾਦਲਕਿਆਂ ਨੇ ਸੱਤਾ ਦੇ ਲਾਲਚ ਵਿਚ ਨਾ ਸਿਰਫ ਪੰਜਾਬ ਨਾਲ ਹੀ ਧਰੋਹ ਨਹੀਂ ਕਮਾਇਆ ਸਗੋਂ ਉਨ੍ਹਾਂ ਖਾਲਸਾ ਪੰਥ ਦੀ ਪਿੱਠ ਵਿਚ ਵੀ ਛੁਰਾ ਮਾਰਿਆ ਹੈ।
ਬਾਦਲਕਿਆਂ ਪਿਓ ਪੁੱਤ ਦੀ ਜੋੜੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਆਪਣੇ ਪਰਿਵਾਰ ਦੀ ਇਕ ਲਿਮਟਿਡ ਕੰਪਨੀ ਬਣਾ ਧਰਿਆ ਹੈ ਤੇ ਇਕ ਇਕ ਕਰਕੇ ਟਕਸਾਲੀ ਅਕਾਲੀ ਆਗੂਆਂ ਨੂੰ ਜਥੇਬੰਦੀ ਵਿਚੋਂ ਜਾਂ ਤਾਂ ਬਾਹਰ ਕਰ ਦਿੱਤਾ ਹੈ ਜਾਂ ਹਾਸ਼ੀਏ ਤੇ ਧੱਕ ਦਿਤਾ ਹੈ।  ਇਸ ਕਰਕੇ ਹੁਣ ਜਦੋਂ ਬਾਦਲਕਿਆਂ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਭਾਂਡਾ ਇਕ ਵਾਰ ਮੁੜ ਚੌਰਾਹੇ ਵਿਚ ਫੁੱਟ ਗਿਆ ਹੈ ਤਾਂ ਸਮੂਹ ਪੰਥ ਦਰਦੀਆਂ ਤੇ ਟਕਸਾਲੀ ਅਕਾਲੀਆਂ ਨੂੰ ਇਸ ਮੌਕੇ ਦਾ ਲਾਹਾ ਲੈਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਵਰਗੀਆਂ ਪੰਥ ਦੀਆਂ ਵਕਾਰੀ ਜਥੇਬੰਦੀਆਂ ਦੀ ਪੁਰਾਣੀ ਆਭਾ ਮੁੜ ਬਹਾਲ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਇਹ ਬਿਆਨ ਸਰਦਾਰ ਸਾਹਿਬ ਦੇ ਨਿੱਜੀ ਸਕੱਤਰ ਸ. ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

WRITTEN BY