ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ‘
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ’ਤੇ ਬਿਆਨ ਦਿੰਦਿਆਂ ਆਖਿਆ ਹੈ ਕਿ ਉਹ ਕਿਸੇ ਦੇਸ਼ ਨੂੰ ਤੋੜਣ ਲਈ ਕਿਸੇ ਨੂੰ ਵੀ ਉਤਸ਼ਾਹਿਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਹ ਭਾਰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਆਏ ਹਨ ਅਤੇ ਜੇਕਰ ਕਿਸੇ ਮੁੱਖ ਮੰਤਰੀ ਨੇ ਤੈਅ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਨਹੀਂ ਮਿਲਣਗੇ ਤਾਂ ਉਹ ਵੀ ਅਜਿਹਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮਾਂ ਲਈ, ਆਪਣੇ ਬੋਲੇ ਹੋਏ ਸ਼ਬਦਾਂ ਲਈ ਜ਼ਿੰਮੇਵਾਰ ਹਨ, ਕਿਸੇ ਦੀ ਟਿੱਪਣੀ ਲਈ ਉਹ ਜ਼ਿੰਮੇਵਾਰ ਨਹੀਂ ਹਨ। ਕੈਪਟਨ ਸਾਹਿਬ ਨੇ ਸ. ਹਰਜੀਤ ਸਿੰਘ ਸੱਜਣ ਨੂੰ ‘ਖਾਲਿਸਤਾਨੀ ਸਮਰਥਕ‘ ਦੱਸਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।ਸ. ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਉਹ ਪੰਜਾਬ ਵਿਚ ਉਨ੍ਹਾਂ ਦਾ ਪਿੰਡ ਹੈ। ਉਹ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਉੱਥੇ ਜ਼ਰੂਰ ਜਾਣਗੇ।
ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ- ਸਸ਼ੋਪੰਜ ਦਰਮਿਆਨ ਭਾਰਤ ਦੇ ਸੱਤ ਦਿਨਾਂ ਦੌਰੇ ‘ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ਰਾਇਸਿਨਾ ਹਿੱਲਸ ‘ਤੇ ਆਖਰਕਾਰ ਟਰਾਈ ਸਰਵਿਸ ‘ਗਾਰਡ ਆਫ ਆਨਰ‘ ਦਿੱਤਾ ਗਿਆ। ਦਰਅਸਲ ਬੀਤੇ ਦਿਨ ਭਾਰਤ ਪਹੁੰਚੇ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ‘ ਦਿੱਤੇ ਜਾਣ ਸਬੰਧੀ ਦੁਬਿਧਾ ਪੈਦਾ ਹੋ ਗਈ ਸੀ। ਦੇਰ ਰਾਤ ਰੱਖਿਆ ਮੰਤਰਾਲੇ ਦੇ ਬੁਲਾਰੇ ਨਿਤਿਨ ਵਾਕਾਂਕਰ ਨੇ ਸਾਫ ਕੀਤਾ ਕਿ ਰੱਖਿਆ ਮੰਤਰਾਲੇ ਵੱਲੋਂ ਗਲਤੀ ਨਾਲ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ‘ ਨਾ ਦਿੱਤੇ ਜਾਣ ਸਬੰਧੀ ਐਡਵਾਈਜ਼ਰੀ ਜਾਰੀ ਹੋ ਗਈ ਸੀ ਅੱਜ ਕਰਨਲ ਸੱਜਣ ਨੂੰ ਇਹ ਸਨਮਾਨ ਦਿੱਤਾ ਗਿਆ। ਟਰਾਈ ਸਰਵਿਸ ‘ਗਾਰਡ ਆਫ ਆਨਰ‘ ਪਤਵੰਤੇ ਮਹਿਮਾਨਾਂ ਦੇ ਸਨਮਾਨ ਲਈ ਫੌਜ ਵੱਲੋਂ ਪੂਰੀ ਵਰਦੀ ਵਿੱਚ ਆਪਣੇ ਹਥਿਆਰ ਝੁਕਾ ਤੇ ਸੈਲੂਇਟ ਕੀਤੇ ਜਾਣ ਵਾਲਾ ਸਨਮਾਨ ਹੈ।
ਪੰਜਾਬ ਦੀ ਅੰਦਰੂਨੀ ਸਿਆਸਤ ’ਚ ਕੋਈ ਰੂਚੀ ਨਹੀਂ : ਸ. ਸੱਜਣ



