ਚੰਡੀਗੜ੍ਹ, 18 ਅਪ੍ਰੈਲ (ਬਲਜੀਤ ਸਿੰਘ ਬਰਾੜ)- ਪੰਜਾਬ ਦੀਆਂ ਧਾਰਮਿਕ ਤੇ ਸਮਾਜਕ ਜਥੇਬੰਦੀਆਂ ਦੇ ਮੈਂਬਰਾਂ ਸਮੇਤ ਕਈ ਸਿਆਸੀ ਆਗੂਆਂ ਨੂੰ ਨਿਸ਼ਾਨੇ ’ਤੇ ਰੱਖਣ ਵਾਲੇ ਇਕ ਯੂਰਪੀ ਅਤਿਵਾਦੀ ਸੰਗਠਨ ਨਾਲ ਸਬੰਧਤ ਦੋ ਸ਼ੱਕੀ ਅਤਿਵਾਦੀਆਂ ਨੂੰ ਅੱਜ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਟਾਲਾ ਦੇ ਪਿੰਡ ਬੱਲ ਦੇ ਨਿਵਾਸੀ ਪਲਵਿੰਦਰ ਸਿੰਘ ਉਰਫ ਘੋੜੂ ਅਤੇ ਬਟਾਲਾ ਦੇ ਹੀ ਪੂਰੀਆਂ ਮੁਹੱਲੇ ਦੇ ਨਿਵਾਸੀ ਸੰਦੀਪ ਕੁਮਾਰ ਉਰਫ ਕਾਲੂ ਉਰਫ ਸ਼ਿੰਦਾ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਸ਼ੱਕੀ ਅੱਤਵਾਦੀਆਂ ਨੂੰ ਪੰਜਾਬ ਅੰਦਰ ਸਿਆਸੀ ਅਸਥਿਰਤਾ ਲਿਆਉਣ ਵਾਸਤੇ ਫਿਰਕੂ ਤਣਾਅ ਪੈਦਾ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਵੱਡੀ ਮਾਤਰਾ ਵਿੱਚ ਅਸਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਅਸਲੇ ਵਿੱਚ 2 ਮੈਗਜ਼ੀਨਾਂ ਤੇ 13 ਜਿੰਦਾ ਕਾਰਤੂਸਾਂ ਸਮੇਤ ਇੱਕ 9 ਐਮ.ਐਮ. ਦਾ ਪਿਸਟਲ, 4 ਮੈਗਜ਼ੀਨ ਅਤੇ 33 ਜਿੰਦਾ ਕਾਰਤੂਸਾਂ ਸਮੇਤ 32 ਬੋਰ ਦੇ 2 ਪਿਸਟਲ ਅਤੇ ਇੱਕ 12 ਬੋਰ ਦੀ ਦੇਸੀ ਰਾਈਫਲ ਸ਼ਾਮਲ ਹੈ। ਇਸ ਅਤਿਵਾਦੀ ਸੰਗਠਨ ਨੂੰ ਸ਼ਮਿੰਦਰ ਸਿੰਘ ਉਰਫ ਸ਼ੈਰੀ ਵੱਲੋਂ ਮੌਜੂਦਾ ਸਮੇਂ ਜਰਮਨੀ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਬੈਲਜੀਅਮ ਅਧਾਰਿਤ ਕੁਝ ਹੋਰ ਅਤਿਵਾਦੀਆਂ ਨਾਲ ਸੰਪਰਕ ਵਿੱਚ ਸੀ ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੋਹੀ ਦੇ ਵਾਸੀ ਜਗਦੀਸ਼ ਸਿੰਘ ਭੂਰਾ ਵਰਗੇ ਸ਼ਾਮਲ ਹਨ। ਪੁਲੀਸ ਨੇ ਸ਼ੈਰੀ ਦੀ ਮਾਤਾ ਜਸਵਿੰਦਰ ਕੌਰ ਵਾਸੀ ਪਿੰਡ ਬੱਲ ਥਾਣਾ ਸਦਰ ਬਟਾਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਦੋ ਹਥਿਆਰ ਬਰਾਮਦ ਹੋਏ ਹਨ।



