ਚੰਡੀਗੜ੍ਹ, ਇਸਤਾਂਬੁਲ (ਤੁਰਕੀ), 28 ਅਗਸਤਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਇਸਤਾਂਬੁਲ ਦੀ ਤਰਜ਼ ‘ਤੇ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਪੱਧਰ ਦੇ ਬੱਸ ਰੈਪਿਡ ਟਰਾਂਸਿਟ ਸਿਸਟਮ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪਹਿਲੇ ਪੜਾਅ ਤਹਿਤ ਇਹ ਯੋਜਨਾ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਅਪਣਾਈ ਜਾਵੇਗੀ , ਜਿਸਨੂੰ ਕਿ ਅੱਗੋਂ ਸੂਬੇ ਦੇ ਬਾਕੀ ਵੱਡੇ ਸ਼ਹਿਰਾਂ ਵਿਚ ਵੀ ਲਾਗੂ ਕੀਤਾ ਜਾਵੇਗਾ।

ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਵਫਦ ਬੀਤੇ ਕੱਲ੍ਹ ਇਸਤਾਂਬੁਲ ਪਹੁੰਚਿਆ ਤੇ ਉੱਥੇ ਲਾਗੂ ਬੱਸ ਰੈਪਿਡ ਟਰਾਂਸਿਟ ਸਿਸਟਮ ਦਾ ਡੂੰਘਾ ਅਧਿਐਨ ਕੀਤਾ। ਸ. ਬਾਦਲ ਵਲੋਂ ਸਰਕਾਰੀ ਅਦਾਰੇ ਇਸਤਾਂਬੁਲ ਇਲੈਕਟ੍ਰੀਸਿਟੀ ਟਰਾਮਵੇਅ ਅਤੇ ਟੰਨਲਜ਼ ਕੰਪਨੀ ਜੋ ਕਿ ਇਸਤਾਂਬੁਲ ਵਿਖੇ ਬੱਸ ਰੈਪਿਡ ਟਰਾਂਸਿਟ ਸਿਸਟਮ ਚਲਾ ਰਹੀ ਹੈ (ਬਿਜਲੀ ਨਾਲ ਚੱਲਣ ਵਾਲੀ ਟਰਾਮ ਤੇ ਸੁਰੰਗਾਂ) ਦੇ ਮੁੱਖੀ ਸ੍ਰੀ ਹੇਇਰੀ ਬਾਰਾਕਲੀ ਨਾਲ ਲੰਬੀ ਮੁਲਾਕਾਤ ਕੀਤੀ ਗਈ। ਕੰਪਨੀ ਵਲੋਂ ਇਕ ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਇਸਤਾਂਬੁਲ ਵਿਖੇ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਟਰਾਂਮਾ, ਬੱਸਾਂ ਤੇ ਬੱਸ ਰੈਪਿਡ ਟਰਾਂਸਿਟ ਸਿਸਟਮ ਸ਼ਾਮਿਲ ਹੈ। ਇਨ੍ਹਾਂ ਸਾਧਨਾਂ ਰਾਹੀਂ ਰੋਜ਼ਾਨਾ ਸਾਢੇ 7 ਲੱਖ ਲੋਕ ਸਫਰ ਕਰਦੇ ਹਨ। ਕੰਪਨੀ ਦੇ ਪ੍ਰਬੰਧਕਾਂ ਵਲੋਂ ਸ. ਬਾਦਲ ਨੂੰ ਬੀ.ਆਰ.ਟੀ.ਸੀ. ਦੀ ਯੋਜਨਾ, ਉਸਦੇ ਡਿਜ਼ਾਇਨ ਤੇ ਲਾਗੂ ਕਰਨ ਬਾਰੇ ਇਕ ਪੇਸ਼ਕਾਰੀ ਦਿਖਾਈ ਗਈ। ਕੰਪਨੀ ਵਲੋਂ ਦਸਿਆ ਗਿਆ ਕਿ ਇਸ ਵਿਵਸਥਾ ਤਹਿਤ 450 ਤੋਂ ਵੱਧ ਬੱਸਾਂ 35 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਨ, ਜਿਸਦੇ ਨਤੀਜੇ ਵਲੋਂ 4 ਲੱਖ ਤੋਂ ਵੱਧ ਕਾਰਾਂ ਸੜਕਾਂ ਤੋਂ ਹਟਾਉਣ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਬੜੀ ਤੇਜੀ ਨਾਲ ਇਸ ਬੱਸ ਸੇਵਾ ਨੂੰ ਅਪਣਾਇਆ ਗਿਆ ਕਿਉਂ ਜੋ ਇਹ ਸਸਤੀ ਹੋਣ ਦੇ ਨਾਲ-ਨਾਲ ਸੁਰੱਖਿਅਤ ਤੇ ਆਰਾਮਦਾਇਕ ਵੀ ਹੈ। ਉਪ ਮੁੱਖ ਮੰਤਰੀ ਵਲੋਂ ਵਫਦ ਤੇ ਕੰਪਨੀ ਦੇ ਪ੍ਰਬੰਧਕਾਂ ਨਾਲ ਬੀ.ਆਰ.ਟੀ.ਸੀ. ਰਾਹੀਂ 52 ਕਿ.ਮੀ. ਤੱਕ ਸਫਰ ਵੀ ਕੀਤਾ ਗਿਆ। ਇਸਤਾਂਬੁਲ ਦੀ ਇਹੀ ਕੰਪਨੀ ਲਾਹੌਰ ਵਿਖੇ ਸਥਾਨਕ ਸਥਿਤੀ, ਲੋੜਾਂ ਮੁਤਾਬਿਕ ਬੀ.ਆਰ.ਟੀ.ਸੀ. ਡਿਜ਼ਾਇਨ ਕਰਨ ਲਈ ਲਾਹੌਰ ਨਗਰ ਨਿਗਮ ਨਾਲ ਸਲਾਹਕਾਰ ਵਜੋਂ ਵੀ ਕੰਮ ਕਰ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਇਸਤਾਂਬੁਲ ਦੀ ਤਰਜ਼ ‘ਤੇ ਪੰਜਾਬ ਵਿਚ ਪਹਿਲੇ ਪੜਾਅ ਤਹਿਤ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਸੀ. ਲਾਗੂ ਕੀਤੀ ਜਾਵੇਗੀ। ਇਸ ਲਈ ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ਵਿਚ ਬੀ.ਆਰ.ਟੀ.ਸੀ. ਲਈ ਵੱਖਰੀ ਲੇਨਾਂ ਨਿਰਧਾਰਿਤ ਕੀਤੀਆਂ ਜਾਣਗੀਆਂ ਜਿੱਥੇ ਸਿਰਫ ਇਹ ਬੱਸਾਂ ਹੀ ਚੱਲਣਗੀਆਂ। ਬੀ.ਆਰ.ਟੀ.ਸੀ. ਲਈ ਨਿਸ਼ਚਿਤ ਕੀਤੀ ਸੜਕ ‘ਤੇ ਸਿਰਫ ਤੇ ਸਿਰਫ ਉੇਸੇ ਲਈ ਹੀ ਹੋਵੇਗੀ ਤੇ ਕੋਈ ਵੀ ਹੋਰ ਵਾਹਨ ਸੜਕ ਦੇ ਉਸ ਹਿੱਸੇ ‘ਤੇ ਨਹੀਂ ਚੱਲ ਸਕੇਗਾ। ਸ. ਬਾਦਲ ਨੇ ਦੱਸਿਆ ਕਿ ਇਸਤਾਂਬੁਲ ਵਿਖੇ ਇਸ ਵਿਵਸਥਾ ਬਾਰੇ ਜਾਣਨ ਤੋਂ ਪਹਿਲਾਂ ਉਹਨਾਂ ਵਲੋਂ ਨਵੀਂ ਦਿੱਲੀ ਵਿਖੇ ਲਾਗੂ ਕੀਤੇ ਮਾਡਲ ਦਾ ਵੀ ਅਧਿਐਨ ਕੀਤਾ ਗਿਆ ਸੀ, ਪਰ ਉਹ ਮਾਡਲ ਦਿੱਲੀ ਵਿਖੇ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ। ਉਸ ਸਮੇਂ ਦਿੱਲੀ ਵਿਖੇ ਇਸ ਮਾਡਲ ਦੇ ਨਾਕਾਮ ਰਹਿਣ ਦੇ ਕਾਰਨਾਂ ਬਾਰੇ ਵੀ ਪੰਜਾਬ ਸਰਕਾਰ ਵਲੋਂ ਜਾਣਕਾਰੀ ਇਕੱਤਰ ਕੀਤੀ ਗਈ ਸੀ। ਸ. ਬਾਦਲ ਨੇ ਦੱਸਿਆ ਕਿ ਇਸਤਾਂਬੁਲ ਦੇ ਸਫਲ ਮਾਡਲ ਨੂੰ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਲਾਗੂ ਕਰਨ ਨੂੰ ਉਨ੍ਹਾਂ ਪ੍ਰਵਾਨਗੀ ਦੇ ਦਿੱਤੀ ਹੈ ਤੇ ਅਗਲੇ 2 ਸਾਲਾਂ ਵਿਚ ਇਸਨੂੰ ਲਾਗੂ ਕੀਤਾ ਜਾਵੇਗਾ।
ਵਫਦ ਵਲੋਂ ਐਮਬਾਰਕ ਨਾਂ ਦੇ ਗੈਰ ਸਰਕਾਰੀ ਸੰਗਠਨ ਦੇ ਪ੍ਰਬੰਧਕਾਂ ਨਾਲ ਵੀ ਮੁਲਾਕਾਤ ਕੀਤੀ ਗਈ, ਜਿਸ ਵਲੋਂ ਪੰਜਾਬ ਵਿਚ ਸੜਕਾਂ ‘ਤੇ ਰਾਹਗੀਰਾਂ ਤੇ ਸਾਈਕਲ ਚਾਲਕਾਂ ਦੀ ਸੁਰੱਖਿਆ ਬਾਰੇ ਸਟੱਡੀ ਕੀਤੀ ਗਈ ਸੀ। ਸ. ਬਾਦਲ ਨੇ ਕਿਹਾ ਕਿ ਨਿਊਯਾਰਕ ਦੀ ਇਸ ਕੰਪਨੀ ਦੇ ਇਸਤਾਂਬੁਲ ਤੇ ਨਵੀਂ ਦਿੱਲੀ ਵਿਖੇ ਵੀ ਦਫਤਰ ਹਨ ਤੇ ਇਸਤਾਂਬੁਲ ਵਿਖੇ ਬੀ.ਆਰ.ਟੀ.ਸੀ. ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਕੰਪਨੀ ਵਲੋਂ ਕੰਮ ਕੀਤਾ ਜਾ ਰਿਹਾ ਹੈ। ਕੰਪਨੀ ਵਲੋਂ ਇਸਤਾਂਬੁਲ ਸ਼ਹਿਰ ਬਾਰੇ ਕੀਤੇ ਸਰਵੇ ਦੀ ਇਕ ਕਾਪੀ ਵੀ ਸ. ਬਾਦਲ ਨੂੰ ਪੇਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਸ. ਬਾਦਲ ਦੀ ਅਗਵਾਈ ਵਾਲੇ ਵਫਦ ਵਲੋਂ ਤੁਰਕੀ ਵਿਖੇ ਬੀ.ਆਰ.ਟੀ.ਸੀ. ਤੇ ਠੋਸ ਰਹਿੰਦ ਖੂੰਹਦ ਪ੍ਰਬੰਧਨ ਵਿਵਸਥਾ ਬਾਰੇ ਅਧਿਐਨ ਕੀਤਾ ਜਾ ਰਿਹਾ ਹੈ।