ਫਰੀਦਕੋਟ, 26 ਅਗਸਤ (ਰਣਜੀਤ ਬਿੱਟਾ)-ਅੱਜ ਨਵੇਂ ਚੁਣ ਗਏ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੇਨ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਵਿਚ ਭਾਰੀ ਬਾਰਸ਼ਾਂ ਕਾਰਣ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ। ਅੱਜ ਉਨ੍ਹਾ ਵੱਲੋਂ ਪਿੰਡ ਰੱਤੀ ਰੋੜੀ, ਰੱਤੀ ਰੋੜੀ ਖੁਰਦ, ਸੰਗੋ ਰੋਮਾਣਾ ਅਤੇ ਦਾਨਾ ਰੋਮਾਣਾ ਵਿਚ ਰਾਹਤ ਪਹੁੰਚਾਉਂਦੇ ਹੋਏ ਆਪਣੇ ਨਿੱਜੀ ਖਾਤੇ ਵਿੱਚੋਂ 15 ਕੁਇੰਟਲ ਆਟਾ, 2.5 ਕੁਇੰਟਲ ਦਾਲ, 1200 ਲਿਟਰ ਮਿੱਟੀ ਦਾ ਤੇਲ ਪੀੜ੍ਹਤ ਪਰਿਵਾਰਾਂ ਨੂੰ ਤਕਸੀਮ ਕੀਤਾ। ਇਸ ਮੌਕੇ ਉਨ੍ਹਾਂ ਨੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਭਾਵਿਤ ਪਿੰਡਾਂ ਨੂੰ ਬਹੁਤ ਜਲਦੀ ਹੀ ਰਾਹਤ ਪਹੁੰਚਾ ਕੇ ਸਰਕਾਰ ਵੱਲੋਂ ਮੁਆਵਜਾ ਦਿਵਾਇਆ ਜਾਵੇਗਾ ਅਤੇ ਉਹਨਾਂ ਦੇ ਪੁੰਨਰ ਨਿਵਾਸ ਲਈ ਉਚਿਤ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਲਾਕੇ ਵਿਚ ਪੈਂਦੇ ਹਰੇਕ ਪਿੰਡ ਦਾ ਦੌਰਾ ਕਰਨਗੇ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਮੇਹਰ ਸਿੰਘ ਸਰਪੰਚ ਰੱਤੀ ਰੋੜੀ, ਸ੍ਰ. ਹਰਿੰਦਰਪਾਲ ਸਿੰਘ ਪਟਵਾਰੀ ਅਤੇ ਹੋਰ ਸਰਪੰਚ ਅਤੇ ਪੰਚ ਹਾਜਰ ਸਨ।