ਤਰਨਤਾਰਨ, 29 ਮਾਰਚ (ਆਹਲੂਵਾਲੀਆ, ਰਵਿੰਦਰ ਕੱਕੜ, ਧਾਮੀ)- ਸਾਲ 2017-18 ਲਈ ਤਰਨਤਾਰਨ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿਚ ਲਾਟਰੀ ਡਰਾਅ ਆਮ ਲੋਕਾਂ ਅਤੇ ਠੇਕੇਦਾਰਾਂ ਦੀ ਹਾਜਰੀ ਵਿਚ ਸਥਾਨਿਕ ਸਤਿਕਾਰ ਪੈਲਸ ਵਿਖੇ ਕੱਢੇ ਗਏ ਅਤੇ ਡਰਾਅ ਵਿਚ ਅਲਾਟ ਸ਼ਰਾਬ ਦੇ ਠੇਕਿਆਂ ਤੋਂ ਇਸ ਸਾਲ ਲਗਭਗ 45 ਕਰੋੜ ਰੁਪਏ ਦਾ ਮਾਲੀਆ ਸਰਕਾਰ ਦੇ ਖਜ਼ਾਨੇ ਵਿਚ ਭਰਨ ਦਾ ਟੀਚਾ ਮਿਥਿਆ ਗਿਆ ਹੈ। ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਕੱਢਣ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਜ਼ਿਲ੍ਹੇ ਨੂੰ 2 ਸਰਕਲਾਂ ਤਰਨਤਾਰਨ ਅਤੇ ਪੱਟੀ ਵਿਚ ਵੰਡਿਆ ਗਿਆ ਸੀ ਅਤੇ ਠੇਕੇ ਹਾਸਲ ਕਰਨ ਲਈ ਤਰਨਤਾਰਨ ਵਾਸਤੇ 90 ਅਤੇ ਪੱਟੀ ਵਾਸਤੇ 11 ਅਰਜੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਅਰਜੀਆਂ ਤੋਂ ਇਸ ਸਾਲ 75 ਲੱਖ 75 ਹਜਾਰ ਰੁਪਏ ਪ੍ਰਾਪਤ ਹੋਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੇਕਿਆਂ ਦੇ ਡਰਾਅ ਪੂਰੇ ਪਾਰਦਰਸ਼ੀ ਤਰੀਕੇ ਨਾਲ ਸੀ.ਸੀ. ਟੀ.ਵੀ. ਕੈਮਰਿਆਂ ਦੀ ਨਿਗਾ ਹੇਠ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਹਾਈਵੇਅ ’ਤੇ ਠੇਕੇ ਖੋਲ੍ਹਣ ਜਾਂ ਨਾ ਖੋਲਣ ਬਾਰੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਇੰਨ ਬਿੰਨ ਪਾਲਨਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਸ਼ਰਾਬ ਦੇ ਠੇਕਿਆਂ ਦੀਆਂ ਨਜਾਇਜ਼ ਬ੍ਰਾਂਚਾਂ ਨਹੀਂ ਖੁਲ੍ਹਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸ਼ਰਾਬ ਦੇ ਨਿਰਧਾਰਤ ਰੇਟ ਤੋਂ ਵੱਧ ਰੇਟ ਨਾਲ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਆਬਕਾਰੀ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ’ਤੇ ਪ੍ਰੋ. ਰਕੇਸ਼ ਕੁਮਾਰ ਏ.ਡੀ.ਸੀ. ਵਿਕਾਸ, ਸ੍ਰੀ ਰਾਜੇਸ਼ ਸ਼ਰਮਾ ਐਸ.ਡੀ.ਐਮ. ਤਰਨਤਾਰਨ, ਸ. ਜਗਤਾਰ ਸਿੰਘ ਏ.ਈ.ਟੀ.ਸੀ. ਵੀ ਹਾਜ਼ਰ ਸਨ।
ਡੀ.ਸੀ. ਦੀ ਨਿਗਰਾਨੀ ਹੇਠ ਕੱਢੇ ਗਏ ਤਰਨਤਾਰਨ ਦੇ ਠੇਕਿਆਂ ਦੇ ਡਰਾਅ



