ਸੂਬੇ ਵਿੱਚ ਵੀ.ਵੀ.ਆਈ.ਪੀ. ਕਲਚਰ ਖਤਮ ਹੋਵੇਗਾ
ਚੰਡੀਗੜ•, 28 ਮਾਰਚ-ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਕਿਹਾ ਕਿ ਸੂਬਾ ਸਰਕਾਰ ਦੀ ਰਾਜ ਦੇ ਵਿਕਾਸ, ਪ੍ਰਸ਼ਾਸਨਿਕ ਸੁਧਾਰ ਅਤੇ ਵਿੱਤੀ ਸਥਿਤੀ ਉੱਤੇ ‘ਵਾਈਟ ਪੇਪਰ‘ ਪ੍ਰਕਾਸ਼ਿਤ ਕਰਨ ਦੀ ਤਜਵੀਜ਼ ਹੈ ਜਿਸ ਵਿਚ ਆਮ ਵਿਅਕਤੀ ਨੂੰ ਪਿਛਲੀ ਸਰਕਾਰ ਵੱਲੋਂ ਵਿਰਸੇ ਵਿਚ ਮਿਲੀ ਮੌਜੂਦਾ ਸਥਿਤੀ ਤੋਂ ਸਪਸ਼ਟ ਤੌਰ ‘ਤੇ ਜਾਣੂ ਕਰਵਾਇਆ ਜਾਵੇਗਾ।
15ਵੀਂ ਪੰਜਾਬ ਵਿਧਾਨ ਦੇ ਪਹਿਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵਿਰਸੇ ਵਿਚ ਖ਼ਾਲੀ ਖਜ਼ਾਨਾ ਮਿਲਿਆ ਹੈ ਜਿਸ ਦਾ ਮਾਲੀ ਘਾਟਾ 13,484 ਕਰੋੜ ਰੁਪਏ ਅਤੇ ਵਿੱਤੀ ਘਾਟਾ 26,801 ਕਰੋੜ ਰੁਪਏ ਹੈ। ਮਾਲੀਏ ਵਿਚ ਵਾਧਾ ਅਤੇ ਖ਼ਰਚੇ ਨੂੰ ਨਿਯੰਤ੍ਰਿਤ ਕਰਨ ਦੇ ਸਮੂਹਿਕ ਯਤਨਾਂ ਦੀ ਘਾਟ ਅਤੇ ਭਾਰੀ ਕਰਜ਼ਿਆਂ ਨੇ ਵਿੱਤੀ ਬੋਝ ਹੋਰ ਵਧਾ ਦਿੱਤਾ ਹੈ। ਪਿਛਲੇ ਪੰਜ ਸਾਲਾਂ ਅਰਥਾਤ 2012-2017 ਦੌਰਾਨ ਰਾਜ ਆਬਕਾਰੀ ਅਤੇ ਵੈਟ ਮਾਲੀਆ ਪ੍ਰਾਪਤੀਆਂ ਦੇ ਅਨੁਮਾਨ/ਟੀਚੇ ਕਦੇ ਵੀ ਪ੍ਰਾਪਤ ਨਹੀਂ ਕੀਤੇ ਜਾ ਸਕੇ।ਰਾਜਪਾਲ ਨੇ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਰਾਜ ਦਾ ਕੁੱਲ ਕਰਜ਼ਾ ਸਾਲ 2006-2007 ਵਿਚ 48,344 ਕਰੋੜ ਰੁਪਏ ਤੋਂ ਵਧ ਕੇ 2016-2017 ਦੇ ਅੰਤ ਤੱਕ 1,82,537 ਕਰੋੜ ਰੁਪਏ ਹੋ ਗਿਆ ਹੈ। ਰਾਜ ਸਰਕਾਰ ਵਲੋਂ ਸਾਲ 2015-16 ਅਤੇ ਸਾਲ 2016-17 ਵਿਚ ਸਿਰਫ਼ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐੱਲ) ਲਈ 15,632 ਕਰੋੜ ਰੁਪਏ ਉਧਾਰ ਲਏ ਗਏ ਸਨ। ਅਨਾਜ ਲਈ ਕੈਸ਼ ਕਰੈਡਿਟ ਲਿਮਟ (ਸੀਸੀਐੱਲ) ਵਿਚ ਅੰਤਰ ਨੂੰ ਘਟਾਉਣ ਲਈ ਸਰਕਾਰ 31,000 ਕਰੋੜ ਰੁਪਏ ਦੇ ਮਿਆਦੀ ਕਰਜ਼ੇ ਲਈ ਸਹਿਮਤ ਹੋ ਗਈ ਸੀ ਜਿਸ ਨਾਲ ਰਾਜ ਉਤੇ ਹੋਰ ਭਾਰ ਪੈ ਗਿਆ। ਇੱਥੋਂ ਤੱਕ ਕਿ ਆਟਾ ਦਾਲ ਸਕੀਮ ਅਤੇ ਸ਼ਹਿਰੀ ਤੇ ਪੇਂਡੂ ਪ੍ਰਾਜੈਕਟਾਂ ਨੂੰ ਵੀ ਕਮਰਸ਼ੀਅਲ ਬੈਂਕਾਂ ਤੋਂ ਭਾਰੀ ਰਕਮਾਂ ਉਧਾਰ ਲੈ ਕੇ ਵੱਡੀ ਗਿਣਤੀ ਵਿਚ ਰਾਜ ਦੀਆਂ ਸੰਪਤੀਆਂ ਨੂੰ ਗਿਰਵੀ ਰੱਖ ਕੇ ਚਲਾਇਆ ਗਿਆ।
ਸ੍ਰੀ ਬਦਨੌਰ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੀ ਭਲਾਈ ਲਈ 31,000 ਕਰੋੜ ਰੁਪਏ ਦੇ ਮਿਆਦੀ ਕਰਜ਼ੇ ਦਾ ਮੁੱਦਾ ਕੇਂਦਰ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਉਠਾਵੇਗੀ। ਇਸ ਤੋਂ ਇਲਾਵਾ ਇਹ ਸਰਕਾਰ ਵੱਲੋਂ ਫ਼ੰਡ ਪ੍ਰਾਪਤ ਕਰ ਰਹੇ ਵੱਖ-ਵੱਖ ਵਿਭਾਗਾਂ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੇ ਗਏ ਸਮੁੱਚੇ ਸਰਕਾਰੀ ਖ਼ਰਚਿਆਂ ਵਿਚ ਸੰਜਮ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਇਕ ਖ਼ਰਚਾ ਸੁਧਾਰ ਕਮਿਸ਼ਨ ਦੀ ਸਥਾਪਨਾ ਕਰੇਗੀ। ਰਾਜ ਨੂੰ ਦਰਪੇਸ਼ ਵਿੱਤੀ ਸੰਕਟ ਨੇ ਪਹਿਲਾਂ ਹੀ ਰਾਜ ਦੇ ਆਰਥਿਕ ਵਿਕਾਸ ‘ਤੇ ਮਾੜਾ ਪ੍ਰਭਾਵ ਪਾਇਆ ਹੈ। ਇਕ ਸਮਾਂ ਸੀ ਜਦੋਂ ਇਸ ਰਾਜ ਨੂੰ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਰਾਜਾਂ ਵਿੱਚੋਂ ਇਕ ਹੋਣ ਦਾ ਮਾਣ ਪ੍ਰਾਪਤ ਸੀ। ਇਹ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਪਿਛਲੇ ਦਹਾਕੇ ਵਿਚ ਇਸ ਨੂੰ ਸਭ ਤੋਂ ਧੀਮੀ ਗਤੀ ਨਾਲ ਵਿਕਸਤ ਹੋ ਰਹੇ ਰਾਜਾਂ ਵਿਚ ਗਿਣਿਆ ਜਾਂਦਾ ਹੈ।
ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਪ੍ਰਬੰਧ ਵਿਚ ਵੀ.ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਭ੍ਰਿਸ਼ਟਾਚਾਰ ਅਤੇ ਵਿੱਤੀ ਦਿਵਾਲੀਏਪਣ ਤੋਂ ਮੁਕਤ ਕਰਵਾਉਣ ਲਈ ਅਤੇ ਰਾਜ ਦਾ ਉਹ ਮਾਣ-ਮੱਤਾ ਸਥਾਨ ਜੋ ਇਸ ਨੂੰ ਦੇਸ਼ ਵਿਚ ਤੇਜ਼ੀ ਨਾਲ ਵਿਕਾਸ ਕਰ ਰਹੇ ਰਾਜਾਂ ਵਿਚ ਕਦੇ ਹਾਸਲ ਸੀ, ਫਿਰ ਬਹਾਲ ਕਰਵਾਉਣ ਦੇ ਵਾਅਦੇ ਨਾਲ ਚੁਣੀ ਗਈ ਹੈ। ਉਨ•ਾਂ ਕਿਹਾ ਕਿ ਸਰਕਾਰ ਦੇ ਸਮੂਹ ਯਤਨ ਇਸ ਮੰਤਵ ਦੀ ਪ੍ਰਾਪਤੀ ਲਈ ਕੇਂਦਰਿਤ ਹੋਣਗੇ। ਰਾਜਪਾਲ ਨੇ ਕਿਹਾ ਕਿ ਉਹ ਸਮੂਹ ਪੰਜਾਬੀਆਂ ਨੂੰ ਇਸ ਨਿਸ਼ਾਨੇ ਦੀ ਪੂਰਤੀ ਲਈ ਸਰਕਾਰ ਨੂੰ ਸਹਿਯੋਗ ਦੇਣ ਲਈ ਅਪੀਲ ਕਰਦੇ ਹਨ। ਸਿਆਸੀ ਮੱਤਭੇਦਾਂ ਦੇ ਬਾਵਜੂਦ ਸੂਬਾ ਸਰਕਾਰ ਇਨ•ਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਵਿਰੋਧੀ ਧਿਰ ਪਾਸੋਂ ਵੀ ਸਰਗਰਮ ਸਮਰਥਨ ਅਤੇ ਸਹਿਯੋਗ ਪ੍ਰਾਪਤੀ ਦੀ ਇੱਛਾ ਕਰੇਗੀ।ਬੀਤੇ ਸਮੇਂ ਦੌਰਾਨ ਹਲਕਾ ਇੰਚਾਰਜਾਂ ਦੁਆਰਾ ਰਾਜ ਪ੍ਰਬੰਧ ਵਿਚ ਵਧੇਰੇ ਰਾਜਨੀਤਿਕ ਦਖ਼ਲਅੰਦਾਜ਼ੀ, ਟ੍ਰਾਂਸਪੋਰਟ ਅਤੇ ਮਾਈਨਿੰਗ ਦੇ ਖੇਤਰਾਂ ਵਿਚ ਸਰਕਾਰੀ ਅਤੇ ਨਿੱਜੀ ਕਾਰੋਬਾਰਾਂ ਵਿਚ ਜ਼ਬਰੀ ਵਪਾਰਕ ਕਬਜ਼ਿਆਂ ਦੀਆਂ ਘਟਨਾਵਾਂ ਕਾਰਨ ਸੂਬੇ ਦੇ ਰਾਜ ਪ੍ਰਬੰਧ ਗੁਣਵੱਤਾ ਵਿਚ ਬਹੁਤ ਜ਼ਿਆਦਾ ਨਿਘਾਰ ਦੀ ਚਿੰਤਾਜਨਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਤੀਜੇ ਵਜੋਂ ਕਾਨੂੰਨ ਅਤੇ ਵਿਵਸਥਾ ਦੇ ਮੁੱਦੇ ਉਭਰ ਕੇ ਸਾਹਮਣੇ ਆਏ ਹਨ ਅਤੇ ਰਾਜ ਵਿਚ ਗੈਂਗਸਟਰਾਂ ਦੀਆਂ ਕਾਰਵਾਈਆਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਮੁਕੰਮਲ ਰੂਪ ਵਿਚ ਨਿਪਟਾਇਆ ਨਹੀਂ ਜਾ ਸਕਿਆ। ਰਾਜ ਪ੍ਰਬੰਧ ਵਿਚ ਆਮ ਆਦਮੀ ਦੀ ਸਥਿਤੀ ਵਿਚ ਸੁਧਾਰ ਸਬੰਧੀ ਦਾਅਵਿਆਂ ਨੂੰ ਮੁਕੰਮਲ ਰੂਪ ਵਿਚ ਪੂਰਾ ਨਹੀਂ ਕੀਤਾ ਜਾ ਸਕਿਆ ਜਿਸ ਨੇ ਕਿ ਵਧੀਆ ਜੀਵਨ ਪੱਧਰ ਦੀ ਪ੍ਰਾਪਤੀ ਦੀ ਉਮੀਦ ਕਰਕੇ ਸਰਕਾਰ ਵਿਚ ਤਬਦੀਲੀ ਲਈ ਆਪਣਾ ਵੋਟ ਪਾਇਆ। ਜਨਤਕ ਜੀਵਨ ਵਿਚ ਵਿਅਕਤੀਆਂ ਦੇ ਵਿਵਹਾਰ ਵਿਚ ਦਿਆਨਤਦਾਰੀ ਦੇ ਵਾਧੇ ਲਈ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਵਿਧਾਇਕ ਅਤੇ ਸੰਸਦ ਮੈਂਬਰ ਹਰ ਸਾਲ ਪਹਿਲੀ ਜਨਵਰੀ ਨੂੰ ਆਪਣੀਆਂ ਅਚੱਲ ਸੰਪਤੀਆਂ ਦੇ ਵੇਰਵੇ ਘੋਸ਼ਿਤ ਕਰਨਗੇ ਅਤੇ ਉਹ ਸਾਲ 2017-18 ਲਈ ਅਜਿਹੀ ਘੋਸ਼ਣਾ ਇਕ ਜੁਲਾਈ 2017 ਤੋਂ ਪਹਿਲਾਂ ਕਰਨਗੇ। ਮੌਜੂਦਾ ਪੰਜਾਬ ਲੋਕਪਾਲ ਐਕਟ ਨੂੰ ਰੱਦ ਕਰਕੇ ਇਸ ਦੀ ਥਾਂ ‘ਤੇ ਇਕ ਹੋਰ ਨਵਾਂ ਅਤੇ ਵਧੇਰੇ ਵਿਆਪਕ ਕਾਨੂੰਨ ਬਣਾਇਆ ਜਾਵੇਗਾ ਜੋ ਕਿ ਮੁੱਖ ਮੰਤਰੀ, ਮੰਤਰੀਆਂ, ਗ਼ੈਰ-ਸਰਕਾਰੀ ਅਤੇ ਸਰਕਾਰੀ ਕਰਮਚਾਰੀਆਂ ਸਮੇਤ ਸਾਰੇ ਉੱਚ ਜਨਤਕ ਅਹੁਦਿਆਂ ਉਪਰ ਲਾਗੂ ਹੋਵੇਗਾ ।ਸੂਬੇ ਵਿੱਚ ਬੇਰੁਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਜ਼ਾਹਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ‘ਘਰ ਘਰ ਮੇਂ ਨੌਕਰੀ‘ ਤਹਿਤ ਰਾਜ ਦੇ ਹਰ ਪਰਿਵਾਰ ਵਿਚ ਸਮਾਂਬੱਧ ਢੰਗ ਨਾਲ ਇਕ ਨੌਕਰੀ ਮੁਹੱਈਆ ਕਰਵਾਏਗੀ।ਸੂਬਾ ਸਰਕਾਰ ਰੋਜ਼ਾਨਾ ਜੀਵਨ ਵਿਚ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਨ ਲਈ ਯੋਗ ਨੌਜਵਾਨ ਪੀੜ•ੀ ਨੂੰ ਪ੍ਰੋਤਸਾਹਿਤ ਅਤੇ ਲਾਭ ਦੇਣ ਲਈ ਮੁਫ਼ਤ ਸਮਾਰਟ ਮੋਬਾਇਲ ਫੋਨ ਦੇਵੇਗੀ।ਇਸੇ ਤਰ੍ਹਾਂ ਹੀ ਰਾਜਪਾਲ ਨੇ ਅੱਗੇ ਕਿਹਾ ਕਿ ਸੂਬੇ ਵਿਚ ਕਾਨੂੰਨੀ ਰਾਜ ਨੂੰ ਬਹਾਲ ਕਰਨ ਅਤੇ ਮਜ਼ਬੂਤ ਬਣਾਉਣ ਲਈ ਸਰਕਾਰ ਨੇ ਨਿਆਂ ਦੀ ਸੁਖਾਲੀ ਅਤੇ ਛੇਤੀ ਪ੍ਰਾਪਤੀ ਲਈ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਦੀ ਸੁਰੱਖਿਆ ਹਿੱਤ ਪਰਵਾਸੀ ਭਾਰਤੀ ਜਾਇਦਾਦ ਸੁਰੱਖਿਆ ਐਕਟ, ਕੇਬਲ ਟੀ.ਵੀ ਨੈੱਟਵਰਕਾਂ ਵਿਚ ਕਿਸੇ ਵੀ ਪ੍ਰਕਾਰ ਦੇ ਏਕਾਧਿਕਾਰ ਜਾਂ ਗੁੱਟਬੰਦੀ ਨੂੰ ਖਤਮ ਕਰਨ ਲਈ ਕੇਬਲ ਅਥਾਰਟੀ ਐਕਟ ਬਣਾਏ ਜਾਣਗੇ ਅਤੇ ਰਾਜ ਭਰ ਵਿਚ ਵਿਧਾਨਕ ਕੇਬਲ ਅਥਾਰਟੀ ਦਾ ਗਠਨ ਕੀਤਾ ਜਾਵੇਗਾ।ਦ ਕਨਫਿਸਕੇਸ਼ਨ ਆਫ਼ ਡਰੱਗ ਡੀਲਰਜ਼ ਪ੍ਰਾਪਰਟੀ ਐਕਟ” ਤਹਿਤ ਇਕ ਨਵਾਂ ਕਾਨੂੰਨ ਬਣਾਇਆ ਜਾਵੇਗਾ।ਸੂਬਾ ਸਰਕਾਰ ਬੇਘਰੇ ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ ਮੁਫ਼ਤ ਰਿਹਾਇਸ਼ੀ ਮਕਾਨ ਦੇਣ ਲਈ ਨਵੀਂ ਸਕੀਮ ‘ਮੁੱਖ ਮੰਤਰੀ ਅਵਾਸ ਯੋਜਨਾ‘ ਵੀ ਆਰੰਭ ਕਰੇਗੀ। ਸਰਕਾਰੀ ਨੌਕਰੀਆਂ ਵਿਚ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਮੌਜੂਦਾ 12 ਫ਼ੀਸਦ ਤੋਂ ਵਧਾ ਕੇ 15 ਫ਼ੀਸਦ ਕੀਤਾ ਜਾਵੇਗਾ। ਵਿਦਿਅਕ ਸੰਸਥਾਵਾਂ ਵਿਚ ਹੋਰ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਮੌਜੂਦਾ 5 ਫ਼ੀਸਦ ਤੋਂ ਵਧਾ ਕੇ 10 ਫ਼ੀਸਦ ਕੀਤਾ ਜਾਵੇਗਾ।
ਪੰਜਾਬ ਦੀ ਵਿੱਤੀ ਸਥਿਤੀ ਬਾਰੇ ‘ਵਾਈਟ ਪੇਪਰ’ ਛੇਤੀ



