ਪੰਜਾਬ ਨੂੰ ਤਰੱਕੀ ਅਤੇ ਸਫਾਈ ਪਸੰਦ ਨਿਰਮਲ ਅਗਵਾਈ ਦੀ ਲੋੜ
ਜਲੰਧਰ, 25 ਮਾਰਚ (ਬਲਜੀਤ ਸਿੰਘ ਬਰਾੜ)- ਦੁਆਬੇ ਦੇ ਪ੍ਰਮੁੱਖ ਸਿੱਖ ਆਗੂ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗਰੂ ਤੇਗ ਬਹਾਦਰ ਨਗਰ ਜਲਧਰ ਦੇ ਪ੍ਰਧਾਨ ਜੱਥੇਦਾਰ ਜਗਜੀਤ ਸਿੰਘ ਗਾਬਾ ਨੇ ਆਖਿਆ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕੌਮਪ੍ਰਸਤ ਹੁੰਦਾ ਤਾਂ ਵਿਧਾਨ ਸਭਾ ਚੋਣਾਂ ਵਿੱਚ ਉਸ ਦੀ ਇਸ ਤਰ੍ਹਾਂ ਦੁਰਗਤਿ ਨਾਂ ਹੁੰਦੀ। ਉਨ੍ਹਾਂ ਦੋਸ਼ ਲਾਇਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ ਅਕਾਲੀ ਦਲ ਨੇ ਕੌਮਪ੍ਰਸਤੀ ਨੂੰ ਤੇਲਾਂਜਲੀ ਦੇ ਦਿੱਤੀ ਸੀ। ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਨੇ ਲਗਾਤਾਰ ਪੰਥ ਅਤੇ ਕੌਮ ਵਿਰੋਧੀ ਕਾਰਜ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਕੜੇ ਥਾਵਾਂ ’ਤੇ ਬੇਅਦਬੀ ਕਰਵਾਈ ਅਤੇ ਆਰਐਸਐਸ਼ ਦੇ ਇਸ਼ਾਰੇ ’ਤੇ ਸਿੱਖ ਸੰਸਥਾਵਾਂ ਦੇ ਮਾਣ-ਸਤਿਕਾਰ ਨੂੰ ਰੋਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਅਕਾਲੀ ਦਲ ਵਿੱਚ ਨਵੀਂ ਲੀਡਰਸ਼ਿਪ ਨਹੀਂ ਉੱਭਰਦੀ, ਤਦ ਤੱਕ ਉਸ ਤੋਂ ਕੌਮਪ੍ਰਸਤੀ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਜੱਥੇਦਾਰ ਗਾਬਾ ਪਿਛਲੇ 4 ਦਹਾਕਿਆਂ ਤੋਂ ਸਿੱਖ ਰਾਜਨੀਤੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਵੱਖ-ਵੱਖ ਰੁਤਬਿਆਂ ’ਤੇ ਰਹਿ ਕੇ ਕੌਮ ਦੀ ਭਾਰੀ ਸੇਵਾ ਕੀਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਬਣਾਇਆ ਗਿਆ ਬੇਹੱਦ ਖੂਬਸੂਰਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਨਗਰ ਦੁਆਬਾ ਖੇਤਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਕੇਂਦਰੀ ਧਾਰਮਿਕ ਸਥਾਨ ਬਣ ਗਿਆ ਹੈ। ਇਸ ਗੁਰੂ ਘਰ ਵਿੱਚ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਹਰ ਰੋਜ਼ 500 ਤੋਂ ਵਧ ਮਰੀਜ਼ ਇਲਾਜ ਲਈ ਆਉਂਦੇ ਹਨ। ਜੱਥੇਦਾਰ ਗਾਬਾ ਪੰਥ ਦੇ ਨਿਸ਼ਕਾਮ ਸੇਵਕ ਹਨ, ਜਿਹੜੇ ਹਰ ਪੰਥਕ ਸੰਕਟ ਸਮੇਂ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਹਿਲੀ ਮੁਲਾਕਾਤ ਦੌਰਾਨ ਜੱਥੇਦਾਰ ਗਾਬਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਉੱਭਰਨ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਆਪਣੇ ਨਿੱਜੀ ਲਾਭਾਂ ਨੂੰ ਲਾਂਭੇ ਰੱਖ ਕੇ ਪੰਥ ਅਤੇ ਪੰਜਾਬ ਦੀ ਸੇਵਾ ਕਰਦਾ ਤਾਂ ਅੱਜ ਹਾਲਾਤ ਹੋਰ ਹੋਣੇ ਸਨ। ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਦੀ ਥਾਂ ਨਵੀਂ ਅਗਵਾਈ ਸਾਹਮਣੇ ਲੈ ਕੇ ਆਉਣ ਅਤੇ ਕੌਮਪ੍ਰਸਤ ਨੀਤੀਆਂ ਨੂੰ ਅਪਨਾਉਣ।
ਜੱਥੇਦਾਰ ਗਾਬਾ ਨੇ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਤਰੱਕੀ ਅਤੇ ਸਵੱਛਤਾ ਪਸੰਦ ਆਗੂਆਂ ਦੀ ਜ਼ਰੂਰਤ ਹੈ, ਜਿਹੜੇ ਭ੍ਰਿਸ਼ਟਾਚਾਰੀ ਦੇ ਦਾਗਾਂ ਤੋਂ ਮੁਕਤ ਹੋਣ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਨਵੇਂ ਮੁੱਖ ਮੰਤਰੀ ਬਣੇ ਯੋਗੀ ਅਦਿੱਤਿਆ ਨਾਥ ਤੋਂ ਪੰਜਾਬ ਦੇ ਨੇਤਾਵਾਂ ਨੂੰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗੀ ਨੇ ਅਹੁਦਾ ਸੰਭਾਲਦਿਆਂ ਹੀ ਸਾਫ ਸਫਾਈ ਰੱਖਣ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪ੍ਰਭਾਵੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਔਰਤਾਂ ਦੀ ਰੱਖਿਆ ਲਈ ਵਿਸ਼ੇਸ਼ ਤੌਰ ’ਤੇ ਸੁਰੱਖਿਆ ਦਸਤੇ ਬਣਾਏ ਗਏ ਹਨ। ਉਨ੍ਹਾਂ ਦੁਖ ਜ਼ਾਹਿਰ ਕੀਤਾ ਕਿ ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਅਤੇ ਨਵੀਂ ਸਰਕਾਰ ਨੇ ਇਨ੍ਹਾਂ ਮੁੱਦਿਆਂ ’ਤੇ ਕੋਈ ਪਹਿਲਕਦਮੀ ਨਹੀਂ ਲਈ। ਸਰਕਾਰੀ ਦਫਤਰਾਂ ਖਾਸ ਕਰਕੇ ਪੰਜਾਬ ਸਕੱਤਰੇਤ ਵਿੱਚ ਗੰਦਗੀ ਦੀ ਭਰਮਾਰ ਹੈ, ਪ੍ਰੰਤੂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਫੋਕੇ ਸਲੂਟ ਲੈਣ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਨਵੀਂ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਕਾਰਵਾਈ ਕਰੇ। ਪੰਜਾਬ ਦੇ ਸਾਰੇ ਦਫਤਰਾਂ ਅਤੇ ਜਨਤਕ ਥਾਵਾਂ ’ਤੇ ਗੁਟਕਾ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਸੇਵਨ ’ਤੇ ਰੋਕ ਲੱਗੇ। ਬਿਹਾਰ ਦੀ ਤਰ੍ਹਾਂ ਪੰਜਾਬ ਵਿੱਚ ਵੀ ਸ਼ਰਾਬ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਪੰਜਾਬ ਦੀ ਸਿਰਜਣਾ ਲਈ ਇਹ ਕਦਮ ਚੁੱਕੇ ਜਾਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਮੁਤਾਬਿਕ ਜਲੰਧਰ ਨਗਰ ਨਿਗਮ ਦਾ ਮੁਖੀ ਦਫਤਰ ਵਿੱਚ ਬੈਠ ਕੇ ਸਿਗਰਟਾਂ ਪੀਂਦਾ ਹੈ ਜਿਸ ਕਾਰਨ ਸਿੱਖ ਨਾਗਰਿਕਾਂ ਦਾ ਉਸ ਦੇ ਦਫਤਰ ਵਿੱਚ ਜਾਣਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਦਫਤਰਾਂ ਵਿੱਚ ਸਿਗਰਟਾਂ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਰਤੋਂ ਪਹਿਲਾਂ ਹੀ ਪਾਬੰਦੀ ਦੇ ਘੇਰੇ ਵਿੱਚ ਆਉਂਦੀ ਹੈ, ਪ੍ਰੰਤੂ ਸਬੰਧਿਤ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਨਵੀਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕੇ ਜਾਣ।
ਸ਼੍ਰੋਮਣੀ ਅਕਾਲੀ ਦਲ ਕੌਮਪ੍ਰਸਤ ਹੁੰਦਾ ਤਾਂ ਕਦੇ ਨਾ ਹਾਰਦਾ : ਜੱਥੇਦਾਰ ਗਾਬਾ



