ਫਤਹਿਗੜ੍ਹ ਸਾਹਿਬ, 22 ਅਗਸਤ (ਗੁਰਬਖਸ਼ ਸਿੰਘ ਛੱਤ੍ਰੀ)-”ਹਕੂਮਤਾਂ ਲੋਕ ਇਸ ਲਈ ਚੁਣਦੇ ਹਨ ਕਿ ਉਹ ਤਖ਼ਤ ਉਤੇ ਬੈਠਕੇ ਲੋਕਾਂ ਨੂੰ ਦਰਪੇਸ ਆ ਰਹੀਆਂ ਮਾਲੀ, ਸਮਾਜਿਕ, ਇਖਲਾਕੀ ਅਤੇ ਧਾਰਮਿਕ ਮੁਸਕਿਲਾਂ ਨੂੰ ਸਹੀ ਦਿਸ਼ਾ ਵੱਲ ਹੱਲ ਕਰਨ ਅਤੇ ਆਪਣੀ ਜਨਤਾ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ। ਲੇਕਿਨ ਬਾਦਲ-ਭਾਜਪਾ ਦੀ ਹਕੂਮਤ ਵੱਲੋਂ ਪੰਜਾਬ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਤਾ ਦੂਰ ਰਿਹਾ, ਇਥੇ ਤਾ ਸਿੱਖ ਕੌਮ ਦੇ ਕਾਤਲ ਅਤੇ ਵੱਡੇ-ਵੱਡੇ ਘਪਲੇ ਅਤੇ ਰਿਸਵਤਾਂ ਖਾਣ ਵਾਲੀ ਪੁਲਿਸ ਅਫ਼ਸਰਸ਼ਾਹੀ ਨੂੰ ਤਰੱਕੀਆਂ ਦੇਕੇ ਅਪਰਾਧਿਕ ਅਤੇ ਗੈਰ ਸਮਾਜਿਕ ਕਾਰਵਾਈਆਂ ਨੂੰ ਸਰਕਾਰ ਖੁਦ ਹੀ ਉਤਸਾਹਿਤ ਕਰਨ ਤੇ ਲੱਗੀ ਹੋਈ ਹੈ।

ਅਜਿਹੀ ਲੋਕ ਮਾਰੂ ਅਤੇ ਗੈਰ ਇਖ਼ਲਾਕੀ ਸਰਕਾਰ ਤੋ ਪੰਜਾਬ ਨਿਵਾਸੀਆਂ ਦੀ ਬਿਹਤਰੀ ਜਾਂ ਉਹਨਾਂ ਨੂੰ ਦਰਪੇਸ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਉਮੀਦ ਨਹੀ ਰੱਖੀ ਜਾ ਸਕਦੀ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਸਮਾਜ ਵਿਰੋਧੀ ਅਨਸਰਾ ਦੀ ਸਰਪ੍ਰਸਤੀ ਕਰਨ ਦੇ ਦੁੱਖਦਾਂਇਕ ਅਮਲਾਂ ਉਤੇ ਡੂੰਘਾਂ ਅਫ਼ੋਸਸ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਸ੍ਰੀ ਕੇ.ਪੀ.ਐਸ. ਗਿੱਲ, ਸੁਮੇਧ ਸੈਣੀ, ਸ. ਹਰਦੀਪ ਸਿੰਘ ਢਿੱਲੋਂ ਆਦਿ ਵਰਗੀ ਪੁਲਿਸ ਅਫ਼ਸਰਸ਼ਾਹੀ ਜੋ ਬੀਤੇ ਸਮੇਂ ਵਿਚ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕਰਕੇ ਅਣਮਨੁੱਖੀ ਕਾਰਵਾਈਆਂ ਵਿਚ ਮਸਰੂਫ ਰਹੀ ਹੈ, ਉਹਨਾਂ ਨੂੰ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਤਰੱਕੀਆ ਦੇਕੇ ਅਤੇ ਗਲਤ ਅਨਸਰਾ ਦੀ ਸਰਪ੍ਰਸਤੀ ਕਰਕੇ ਪੰਜਾਬ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ? ਉਹਨਾਂ ਕਿਹਾ ਕਿ ਜਦੋ ਸੁਰਜੀਤ ਸਿੰਘ ਕਾਂਸਟੇਬਲ, ਸਤਨਾਮ ਸਿੰਘ ਮਾਣਕ ਅਤੇ ਐਸ.ਪੀ.ਓ. ਕੁਲਦੀਪ ਸਿੰਘ ਬੁੱਚੜੇ ਵੱਲੋਂ ਬੀਤੇ ਸਮੇਂ ਵਿਚ ਪੁਲਿਸ ਅਫ਼ਸਰਸ਼ਾਹੀ ਅਤੇ ਮੁਲਾਜ਼ਮਾਂ ਵੱਲੋਂ ਸਿੱਖ ਨੌਜ਼ਵਾਨਾਂ ਦੇ ਬਣਾਏ ਗਏ ਝੂਠੇ ਪੁਲਿਸ ਮੁਕਾਬਲਿਆਂ ਦੇ ਸੱਚ ਨੂੰ ਆਪਣੀ ਜੁਬਾਨੀ ਬਿਆਨਿਆ ਜਾ ਰਿਹਾ ਹੈ ਤਾਂ ਬਾਦਲ-ਬੀਜੇਪੀ ਹਕੂਮਤ ਸੱਚ ਨੂੰ ਸਾਹਮਣੇ ਲਿਆਉਣ ਅਤੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾਂ ਕਰਕੇ ਸਜ਼ਾ ਦਿਵਾਉਣ ਤੋ ਕਿਉਂ ਭੱਜ ਰਹੀ ਹੈ ? ਉਹਨਾਂ ਕਿਹਾ ਕਿ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਬੀਤੇ ਸਮੇਂ ਵਿਚ ਸਿੱਖ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡੀ ਹੈ, ਸਿੱਖਾਂ ਉਤੇ ਅਸਹਿ ਅਤੇ ਅਕਹਿ ਜ਼ਬਰ-ਜੁਲਮ ਕੀਤੇ ਹਨ, ਸਿੱਖ ਬੀਬੀਆਂ ਨਾਲ ਜ਼ਬਰ-ਜ਼ਿਨਾਹ ਕੀਤੇ ਹਨ ਅਤੇ ਅੰਮ੍ਰਿਤਧਾਰੀ ਸਿੱਖ ਪਰਿਵਾਰਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਦਹਿਸਤ ਪਾਕੇ ਲੁੱਟਿਆ ਹੈ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾ ਦਿਵਾਉਣ ਦੇ ਅਪਣੇ ਫਰਜ਼ਾਂ ਨੂੰ ਹਰ ਕੀਮਤ ਤੇ ਪੂਰਾ ਕਰੇਗਾ।ਉਹਨਾਂ ਪੰਜਾਬ ਦੇ ਸਮੁੱਚੇ ਵਰਗਾਂ ਨਾਲ ਸੰਬੰਧਤ ਬਸਿੰਦਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਇਨਸਾਨੀ ਅਤੇ ਇਖ਼ਲਾਕੀ ਫਰਜਾ ਨੂੰ ਪਹਿਚਾਣਦੇ ਹੋਏ ਸੱਚ-ਹੱਕ ਦੀ ਅਵਾਜ ਨੂੰ ਦ੍ਰਿੜਤਾਂ ਨਾਲ ਬੁਲੰਦ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਣ ਤਾਂ ਕਿ ਪਾਰਟੀ ਇਥੇ ਅਮਲੀ ਰੂਪ ਵਿਚ ”ਹਲੀਮੀ ਰਾਜ” ਸਥਾਪਿਤ ਕਰਕੇ ਸਭਨਾਂ ਨੂੰ ਇਨਸਾਫ਼, ਬਰਾਬਰਤਾ ਦੇ ਹੱਕ ਅਤੇ ਪਾਰਦਰਸੀ ਸਾਫ-ਸੁਥਰਾਂ ਨਿਜ਼ਾਮ ਦੇ ਸਕੇ । ਉਹਨਾਂ ਇਨਸਾਫ਼ ਪਸੰਦ ਅਤੇ ਉੱਚੇ-ਸੁੱਚੇ ਇਖ਼ਲਾਕ ਦੇ ਮਾਲਕ ਉਹਨਾਂ ਪੰਜਾਬ ਨਿਵਾਸੀਆਂ ਜੋ ਇਥੇ ਹਰ ਤਰ੍ਹਾਂ ਦੀ ਬੁਰਾਈ ਨੂੰ ਖ਼ਤਮ ਕਰਕੇ ਸਭਨਾਂ ਨੂੰ ਬਰਾਬਰਤਾ ਦੇ ਅਧਾਰ ਤੇ ਰਿਸਵਤ ਤੋ ਬਿਨ੍ਹਾਂ ਰਾਜ ਪ੍ਰਬੰਧ ਕਾਇਮ ਕਰਨ ਦੇ ਚਾਂਹਵਾਨ ਹਨ, ਉਹਨਾਂ ਨੂੰ ਦ੍ਰਿੜਤਾ ਨਾਲ ਅੱਗੇ ਆ ਕੇ ਇਨਸਾਨੀ ਫਰਜਾਂ ਨੂੰ ਪੂਰਨ ਵੀ ਕਰਨਾ ਚਾਹੀਦਾ ਹੈ ਅਤੇ ਵੋਟਾਂ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਨੂੰ ਹਰ ਤਰ੍ਹਾਂ ਸਹਿਯੋਗ ਕਰਕੇ ਨਿਜਾਮੀ ਤਾਕਤ ਦੇ ਮਾਲਕ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਅਸੀ ਇਕ ਦੂਸਰੇ ਦੇ ਸਹਿਯੋਗ ਨਾਲ ਪੰਜਾਬ ਦੀ ਪੁਰਾਤਣ ਪਵਿੱਤਰਤਾ ਅਤੇ ਸਮਾਜਿਕ ਪ੍ਰਤੀਬੱਧਤਾ ਨੂੰ ਕਾਇਮ ਕਰ ਸਕੀਏ।