ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਚੰਨੀ, ਬਾਜਵਾ, ਰਾਣਾ, ਧਰਮਸੋਤ ਬਣੇ ਕੈਬਨਿਟ ਮੰਤਰੀ ਝ ਰਾਹੁਲ ਗਾਂਧੀ ਅਤੇ ਮਨਮੋਹਨ ਸਿਘ ਨੇ ਭਰੀ ਹਾਜ਼ਰੀ
ਚੰਡੀਗੜ੍ਹ, 16 ਮਾਰਚ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਰਾਜ ਭਵਨ ਵਿਖੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਪੰਜਾਬ ਦੇ 26ਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ। ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀ ਮੰਡਲ ਦੇ 9 ਮੈਂਬਰਾਂ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਸਾਦਗੀ ਭਰੇ ਸਮਾਗਮ ਵਿਚ ਸਹੁੰ ਚੁਕਾਈ ਗਈ। ਦੂਜੀ ਵਾਰ ਸੂਬੇ ਦੇ ਮੁੱਖ ਵੱਜੋਂ ਕੰਮ ਕਾਜ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਵਿਚ 7 ਕੈਬਨਿਟ ਮੰਤਰੀਆਂ ਤੋਂ ਇਲਾਵਾ, 2 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਮੰਤਰੀ ਮੰਡਲ ਵਿੱਚ ਪਟਿਆਲਾ ਤੋਂ ਵਿਧਾਇਕ ਸ੍ਰੀ ਬ੍ਰਹਮ ਮਹਿੰਦਰਾ, ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ, ਸਾਬਕਾ ਕ੍ਰਿਕਟਰ ਸ. ਨਵਜੋਤ ਸਿੰਘ ਸਿੱਧੂ, ਦਲਿਤ ਚਿਹਰਾ ਸ. ਸਾਧੂ ਸਿੰਘ ਧਰਮਸੋਤ, ਮਾਝੇ ਦੇ ਪ੍ਰਮੁੱਖ ਆਗੂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਗੁਰਜੀਤ ਸਿੰਘ ਰਾਣਾ, ਸਾਬਕਾ ਵਿਰੋਧੀ ਧਿਰ ਦੇ ਆਗੂ ਸ. ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਜਦੋਂ ਕਿ ਦੀਨਾ ਨਗਰ ਤੋਂ ਵਿਧਾਇਕ ਸ੍ਰੀਮਤੀ ਅਰੁਣਾ ਚੌਧਰੀ ਅਤੇ ਮਲੇਰਕੋਟਲਾ ਤੋਂ ਵਿਧਾਇਕ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਰਾਜ ਮੰਤਰੀ ਵਜੋਂ ਅਹੁਦੇ ਦਾ ਹਲਫ ਲਿਆ।
ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ ਵਿਚ, ਜਦੋਂ ਕਿ ਅਰੁਣਾ ਚੌਧਰੀ ਨੇ ਹਿੰਦੀ ਵਿਚ ਅਤੇ ਬਾਕੀ ਸਾਰੇ ਮੰਤਰੀਆਂ ਨੇ ਪੰਜਾਬੀ ਵਿਚ ਸਹੁੰ ਚੁੱਕੀ। ਸਮਾਗਮ ਵਿਚ ਲਗਪਗ 30 ਵਿਸ਼ੇਸ਼ ਮਹਿਮਾਨਾਂ ਨੇ ਹਿੱਸਾ ਲਿਆ, ਜੋ ਦੂਸਰੇ ਸੂਬਿਆਂ ਤੇ ਕੇਂਦਰ ਤੋਂ ਆਏ ਹੋਏ ਸਨ। ਸ੍ਰੀ ਰਾਹੁਲ ਗਾਂਧੀ ਡਾ. ਮਨਮੋਹਨ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਸਮਾਗਮ ’ਚ ਖਿੱਚ ਦਾ ਪ੍ਰਮੁੱਖ ਕੇਂਦਰ ਸਨ। ਹਰ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਅਤੇ ਧੰਨਵਾਦ ਪ੍ਰਗਟ ਕਰਨ ਲਈ ਆਉਂਦੇ ਸਨ। ਸ੍ਰੀ ਨਵਜੋਤ ਸਿੰਘ ਸਿੱਧੂ ਸਹੁੰ ਚੁੱਕਣ ਤੋਂ ਬਾਅਦ ਰਾਜਪਾਲ ਨਾਲ ਹੱਥ ਮਿਲਾਉਣਾ ਭੁੱਲੇ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਯਾਦ ਦਿਵਾਇਆ। ਮਹਾਰਾਣੀ ਪ੍ਰਨੀਤ ਕੌਰ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਗੈਲਰੀ ਵਿਚ ਸਨ। ਇਸ ਮੌਕੇ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਸ. ਭਾਰਤਇੰਦਰ ਸਿੰਘ ਚਾਹਲ, ਨੇੜਲੇ ਸਹਿਯੋਗੀ ਸ. ਦਵਿੰਦਰਜੀਤ ਸਿੰਘ ਦਰਸ਼ੀ, ਜੱਟ ਮਹਾਸਭਾ ਦੇ ਪ੍ਰਮੁੱਖ ਆਗੂ ਸ. ਰਜਿੰਦਰ ਸਿੰਘ ਬਡਰੇੜੀ ਅਤੇ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ।
ਕੈਪਟਨ ਨੇ ਨੌਂ ਰਤਨਾਂ ਸਮੇਤ ਸੰਭਾਲੀ ਪੰਜਾਬ ਦੀ ਕਮਾਨ



