ਪੀ.ਐੱਮ. ਮੋਦੀ ਦੀ ਭਾਜਪਾ ਸੰਸਦ ਮੈਂਬਰਾਂ ਨੂੰ ਨਸੀਹਤ
ਨਵੀਂ ਦਿੱਲੀ, 16 ਮਾਚ (ਪੰਜਾਬ ਟਾਇਮਜ਼ ਬਿਊਰੋ)- ਭਾਜਪਾ ਸੰਸਦੀ ਦਲ ਦੀ ਬੈਠਕ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ 6 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਸਾਰੇ ਸੰਸਦ ਮੈਂਬਰ ਜਾ ਕੇ ਦੇਸ਼ ਭਰ ’ਚ ਸਰਕਾਰ ਦੇ ਕੰਮਕਾਰ ਦਾ ਪ੍ਰਚਾਰ ਕਰਨ ਅਤੇ ਜੋ ਜਿੱਤ ਮਿਲੀ ਹੈ, ਉਸ ਲਈ ਲੋਕਾਂ ਵਿਚ ਜਾਣ।ਇਸ ਦੌਰਾਨ ਭਾਜਪਾ ਦੇ ਬਿਆਨਵੀਰਾਂ ’ਤੇ ਤਨਜ਼ ਕੱਸਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਜਿੱਤ ’ਤੇ ਉਨ੍ਹਾਂ ਮੂੰਹ ਦੇ ਲਾਲਾਂ ਦਾ ਵੀ ਧੰਨਵਾਦ ਜੋ ਚੁੱਪ ਰਹੇ।ਸਾਫ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਇਸ਼ਾਰੇ ਨੂੰ ਸਾਕਸ਼ੀ ਮਹਾਰਾਜ, ਯੋਗੀ ਆਦਿੱਤਿਯਨਾਥ, ਗਿਰੀਰਾਜ ਸਿੰਘ ਅਤੇ ਵਿਨੇ ਕਟਿਆਰ ਵਰਗੇ ਨੇਤਾਵਾਂ ’ਤੇ ਤਨਜ਼ ਸਮਝਿਆ ਜਾ ਰਿਹਾ ਹੈ, ਜੋ ਹਮੇਸ਼ਾ ਆਪਣੇ ਬਿਆਨਾਂ ਨਾਲ ਵਿਵਾਦ ਖੜ੍ਹਾ ਕਰਦੇ ਰਹਿੰਦੇ ਹਨ। ਵਿਧਾਨ ਸਭਾ ਚੋਣਾਂ ’ਚ ਜਿੱਤ ਨਾਲ ਖੁਸ਼ ਪ੍ਰਧਾਨ ਮੰਤਰੀ ਮੋਦੀ ਨੇ ਨੇਤਾਵਾਂ ਅਤੇ ਵਰਕਰਾਂ ਨੂੰ ਕਿਹਾ ਕਿ ਨਾ ਬੈਠਾਂਗਾ, ਨਾ ਬੈਠਣ ਦੇਵਾਂਗਾ।ਪਾਰਟੀ ਚੇਅਰਮੈਨ ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਸਾਰਿਆਂ ਨੂੰ ਹੁਣ 2019 ‘ਚ ਵੱਡੀ ਜਿੱਤ ਵੱਲ ਲਿਜਾਉਣਾ ਹੈ, ਇਸ ਲਈ ਸਾਰਿਆਂ ਨੂੰ ਤਿਆਰੀ ਕਰਨੀ ਚਾਹੀਦੀ ਹੈ।ਸ਼ਾਹ ਨੇ ਕਿਹਾ ਕਿ 6 ਅਪ੍ਰੈਲ ਨੂੰ ਭਾਜਪਾ ਦਾ ਸਥਾਪਨਾ ਦਿਵਸ ਹੈ। ਇਸ ਲਈ ਤਿਆਰੀਆਂ ‘ਚ ਲੱਗ ਜਾਓ। ਜ਼ਿਕਰਯੋਗ ਹੈ ਕਿ ਭਾਜਪਾ ਸੰਸਦੀ ਦਲ ਦੀ ਮੀਟਿੰਗ ‘ਚ ਸਾਰੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਅਤੇ ਸਾਰੇ ਸੰਸਦ ਮੈਂਬਰ ਨੂੰ ਤਿਰੂਪਤੀ ਦੇ ਪ੍ਰਸਾਦ ਦਾ ਲੱਡੂ ਦਿੱਤਾ ਗਿਆ। ਸੰਸਦੀ ਦਲ ਦੀ ਮੀਟਿੰਗ ‘ਚ ਰਾਜਨਾਥ ਸਿੰਘ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ। ਜਿੱਤ ਨਾਲ ਉਤਸ਼ਾਹਤ ਭਾਜਪਾ ਦੇਸ਼ ਭਰ ‘ਚ ਜਸ਼ਨ ਮਨਾਉਣ ਦੀ ਤਿਆਰੀ ‘ਚ ਹੈ। 6 ਤੋਂ 14 ਅਪ੍ਰੈਲ ਤੱਕ ਦੇਸ਼ ਭਰ ‘ਚ ਪ੍ਰੋਗਰਾਮ ਹੋਣਗੇ। 14 ਅਪ੍ਰੈਲ ਨੂੰ ਭੀਮ ਰਾਓ ਅੰਬੇਡਕਰ ਦੇ ਜਨਮਦਿਨ ‘ਤੇ ਦੇਸ਼ ਭਰ ‘ਚ ਭੀਮ ਐਪ ਰਾਹੀਂ ਵਧ ਤੋਂ ਵਧ ਲੋਕਾਂ ਨੂੰ ਜੋੜ ਕੇ ਕੈੱਸ਼ਲੈਸ ਲੈਣ-ਦੇਣ ਲਈ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ ਜਾਵੇਗੀ।
ਨਾਂ ਬੈਠਾਂਗਾ ਅਤੇ ਨਾ ਬੈਠਣ ਦੇਵਾਂਗਾ



