Skip to content
Independent perspectives. Global stories.
BREAKING

ਰੇਡ ਮਾਰਨ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਕੀਤਾ ਕਮਰੇ ਅੰਦਰ ਬੰਦ

Share this story

image ਨੂਰਪੁਰਬੇਦੀ, 10 ਮਾਰਚ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਨੌਧੇਮਾਜਰਾ ਵਿਖੇ ਦੇਰ ਰਾਤ ਇਕ ਘਰ ’ਚ ਰੇਡ ਮਾਰਨ ਗਏ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ’ਤੇ ਉਕਤ ਘਰ ਦੇ ਮੈਂਬਰਾਂ ਸਮੇਤ ਪਿੰਡ ਦੇ ਹੀ ਕੁਝ ਹੋਰ 6-7 ਅਣਪਛਾਤੇ ਵਿਅਕਤੀਆਂ ਵੱਲੋਂ ਮਿਲ ਕੇ ਹਮਲਾ ਕੀਤਾ ਗਿਆ ਉਪਰੰਤ ਕੁੱਟਮਾਰ ਕਰ ਕੇ ਉਨਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਗਿਆ। ਬਾਦ ’ਚ ਕੰਟਰੋਲ ਰੂਮ ਤੋਂ ਸੂਚਨਾਂ ਮਿਲਣ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਘਰ ’ਚ ਬੰਦ ਵਿਭਾਗ ਦੇ ਜਖ਼ਮੀਂ ਹੋਏ ਅਧਿਕਾਰੀਆਂ ਨੂੰ ਕੱਢ ਕੇ ਹਸਪਤਾਲ ’ਚ ਭਰਤੀ ਕਰਵਾਇਆ। ਘਟਨਾ ਦਾ ਸ਼ਿਕਾਰ ਹੋਏ ਜੰਗਲੀ ਜੀਵ ਵਿਭਾਗ ਨੂਰਪੁਰਬੇਦੀ ਦੇ ਰੇਜ਼ ਅਫਸਰ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਮੋਰਿੰਡਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਡੀ.ਐੱਫ.ਓ. ਰੂਪਨਗਰ ਨੂੰ ਸੂਚਨਾਂ ਮਿਲੀ ਸੀ ਕਿ ਪਿੰਡ ਨੌਧੇਮਾਜਰਾ ਵਿਖੇ ਕੋਈ ਜੰਗਲੀ ਜੀਵ ਦੀ ਹੱਤਿਆ ਕਰ ਕੇ ਵੱਡ ਟੁੱਕ ਕਰ ਰਿਹਾ ਹੈ। ਉਕਤ ਅਧਿਕਾਰੀ ਦੀ ਹਦਾਇਤ ਮਿਲਣ ’ਤੇ ਬਲਾਕ ਅਫਸਰ ਨੂਰਪੁਰਬੇਦੀ ਸਤਿੰਦਰਪਾਲ ਸਿੰਘ, ਵਣ ਗਾਰਡ ਜੀਤਪਾਲ ਸਿੰਘ ਤੇ ਵਿਭਾਗ ਦੇ ਮਜ਼ਦੂਰ ਗੁਰਮੁੱਖ ਸਿੰਘ ਉਰਫ਼ ਲਾਡੀ ਪੁੱਤਰ ਲਾਭ ਸਿੰਘ ਨਿਵਾਸੀ ਗੜਡੋਲੀਆਂ ਨੂੰ ਨਾਲ ਲੈ ਕੇ ਮੈਂ ਰਾਤ ਕਰੀਬ 9 ਕੁ ਵਜੇ ਪਿੰਡ ਨੌਧੇਮਾਜਰਾ ਦੇ ਬਲਦੇਵ ਸਿੰਘ ਪੁੱਤਰ ਭੂਰਾ ਸਿੰਘ ਦੇ ਘਰ ਰੇਡ ਮਾਰੀ। ਅਵਾਜ਼ ਮਾਰਨ ’ਤੇ ਬਾਹਰ ਨਿਕਲੇ ਘਰ ਦੇ ਮਾਲਕ ਬਲਦੇਵ ਸਿੰਘ ਤੇ ਉਸਦੀ ਪਤਨੀ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨਾਂ ਵੱਲੋਂ 6-7 ਹੋਰ ਵਿਅਕਤੀਆਂ ਨੂੰ ਵੀ ਬੁਲਾ ਲਿਆ ਗਿਆ ਤੇ ਜਿਨਾਂ ਸਾਡੀ ਮਿਲ ਕੇ ਗੰਭੀਰ ਕੁੱਟਮਾਰ ਕੀਤੀ ਤੇ ਘਰ ਦੇ ਇਕ ਕਮਰੇ ’ਚ ਬੰਦ ਕਰ ਦਿੱਤਾ। ਇਸ ਦੌਰਾਨ ਮੈਂ ਮੋਬਾਈਲ ਤੋਂ ਕੰਟਰੋਲ ਰੂਮ ਰੂਪਨਗਰ ਵਿਖੇ ਹਮਲਾ ਹੋਣ ਦੀ ਇਤਲਾਹ ਦਿੱਤੀ ਜਿਸ ’ਤੇ ਮੌਕੇ ਪਰ ਚੌਕੀ ਹਰੀਪੁਰ ਦੇ ਇੰਚਾਰਜ ਦੀ ਅਗਵਾਈ ਹੇਠ ਪਹੁੰਚੀ ਪੁਲਸ ਟੀਮ ਨੇ ਸਾਨੂੰ ਕਮਰੇ ’ਚੋਂ ਬਾਹਰ ਕੱਢ ਕੇ ਹਸਪਤਾਲ ਸਿੰਘ ਪੁਰ ਵਿਖੇ ਦਾਖਿਲ ਕਰਵਾਇਆ। ਹਮਲੇ ’ਚ ਗੰਭੀਰ ਜਖ਼ਮੀਂ ਹੋਏ ਬਲਾਕ ਅਫਸਰ ਸਤਿੰਦਰਪਾਲ ਸਿੰਘ ਤੇ ਵਣਗਾਰਡ ਜੀਤਪਾਲ ਸਿੰਘ ਨੂੰ ਇਲਾਜ਼ ਲਈ ਰੂਪਨਗਰ ਵਿਖੇ ਭੇਜਿਆ ਗਿਆ। ਪੁਲਸ ਨੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ ’ਚ ਵਿਘਨ ਪਾਉਣ, ਹਮਲਾ ਕਰਨ ਤੇ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਵੱਖ-ਵੱਖ ਧਾਰਾਵਾਂ ਹੇਠ ਘਰ ਦੇ ਮਾਲਕ ਬਲਦੇਵ ਸਿੰਘ ਪੁੱਤਰ ਭੂਰਾ ਸਿੰਘ ਤੇ ਉਸਦੀ ਪਤਨੀ ਕਮਲੇਸ਼ ਕੌਰ ਨਿਵਾਸੀ ਨੌਧੇਮਾਜਰਾ ਸਹਿਤ 6-7 ਹੋਰ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਉਕਤ ਘਰ ਦਾ ਮਾਲਕ ਬਲਦੇਵ ਸਿੰਘ ਵੀ ਜਖ਼ਮੀ ਹੋਇਆ ਹੈ। ਥਾਨਾ ਮੁੱਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਵੀ ਬਿਆਨ ਲਏ ਜਾ ਰਹੇ ਹਨ।

WRITTEN BY