ਦੁਪਹਿਰ ਤੱਕ ਸਥਿਤੀ ਸਾਫ ਹੋਣ ਦੀ ਉਮੀਦ ਯੂਪੀ, ਮਨੀਪੁਰ, ਗੋਆ ਅਤੇ ਉੱਤਰਾਖੰਡ ’ਚ ਗਿਣਤੀ ਵੀ ਅੱਜ
ਚੰਡੀਗੜ੍ਹ, 10 ਮਾਰਚ- 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਸ਼ਨਿੱਚਰਵਾਰ ਨੂੰ ਆ ਰਹੇ ਹਨ। ਵੋਟਾਂ ਦੀ ਗਿਣਤੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਭਲਕੇ 8 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਤੋਂ ਪਹਿਲਾਂ ਸਿਆਸੀ ਸਥਿਤੀ ਲਗਭਗ ਸਪਸ਼ਟ ਹੋ ਜਾਵੇਗੀ। ਇਨ੍ਹਾਂ ਚੋਣਾਂ ਦੇ ਨਤੀਜਿਆਂ ਲਈ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ। ਤਿੰਨ ਧਿਰੀ ਮੁਕਾਬਲੇ ਕਾਰਨ ਵੱਖ-ਵੱਖ ਚੋਣ ਸਰਵਿਆਂ ਅਤੇ ਐਗਜ਼ਿਟ ਪੋਲਾਂ ਦੌਰਾਨ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਹੋਏ ਚੋਣ ਦੰਗਲ ਦਾ ਅਸਲ ਦ੍ਰਿਸ਼ ਕੱਲ੍ਹ ਪਤਾ ਲੱਗੇਗਾ। ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੀ 11 ਮਾਰਚ ਨੂੰ ਹੋਣ ਵਾਲੀ ਗਿਣਤੀ ਸਬੰਧੀ ਅੱਜ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਸਮੇਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਗਿਣਤੀ ਦੌਰਾਨ ਸਭ ਤੋਂ ਪਹਿਲਾਂ ਪੋਸਟਲ ਬੈਲਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਸੂਬੇ ਦੇ ਲੋਕਾਂ ਨੂੰ ਪਹਿਲੇ ਗੇੜ ਦੀ ਜਾਣਕਾਰੀ 9.30 ਵਜੇ ਦੇ ਦਿੱਤੀ ਜਾਵੇਗੀ।ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਸਾਰੇ 117 ਹਲਕਿਆਂ ਲਈ ਵੋਟਾਂ ਦੀ ਗਿਣਤੀ ਹਿੱਤ 27 ਸਥਾਨਾਂ ’ਤੇ 54 ਗਿਣਤੀ ਕੇਂਦਰ ਬਣਾਏ ਹਨ। ਵੋਟਾਂ ਦੀ ਗਿਣਤੀ ਲਈ 14 ਹਜ਼ਾਰ ਮੁਲਾਜ਼ਮ ਡਿਊਟੀ ਨਿਭਾਅ ਰਹੇ ਹਨ। ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਵੀਕੇ ਸਿੰਘ ਮੁਤਾਬਿਕ ਚੋਣਾਂ ਦੇ ਨਤੀਜੇ ਜਨਤਕ ਥਾਵਾਂ ’ਤੇ ਸਕਰੀਨ ਲਾ ਕੇ ਦਿਖਾਏ ਜਾਣਗੇ। ਵੋਟਾਂ ਦੀ ਗਿਣਤੀ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਨਤੀਜਾ ਵੀ ਭਲਕੇ 11 ਮਾਰਚ ਨੂੰ ਹੀ ਐਲਾਨਿਆ ਜਾਵੇਗਾ। ਪੰਜਾਬ ਦੇ ਨਾਲ ਹੀ ਯੂਪੀ, ਮਣੀਪੁਰ, ਗੋਆ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋਵੇਗੀ। ਈਵੀਐਮ ਮਸ਼ੀਨਾਂ ਕਾਰਨ ਵੋਟਾਂ ਦੀ ਗਿਣਤੀ ਦਾ ਕਾਰਜ ਕੁਝ ਘੰਟਿਆਂ ਵਿੱਚ ਹੀ ਮੁਕੰਮਲ ਹੋਣ ਦੀ ਉਮੀਦ ਹੈ। ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਚੋਣਾਂ ’ਚ ਤੀਜੀ ਵਾਰ ਜਿੱਤ ਦਾ ਦਾਅਵਾ ਕਰ ਰਿਹਾ ਹੈ, ਜਦੋਂ ਕਿ ਕਾਂਗਰਸ ਦਸ ਸਾਲਾਂ ਬਾਅਦ ਸੱਤਾ ਵਿੱਚ ਪਰਤਣ ਦੇ ਸੁਪਨੇ ਦੇਖ ਰਹੀ ਹੈ। ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸੂਬੇ ਵਿਚ 4 ਫਰਵਰੀ ਨੂੰ 117 ਵਿਧਾਨ ਸਭਾ ਹਲਕਿਆਂ ਵਿਚ ਲਗਪਗ 78 ਫੀਸਦੀ ਮਤਦਾਨ ਹੋਇਆ ਸੀ। ਇਨ੍ਹਾਂ ਚੋਣਾਂ ਵਿਚ ਕੁੱਲ 1145 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਇੱਥੋਂ ਵੇਖੋ ਚੋਣ ਨਤੀਜੇ- 11 ਮਾਰਚ ਯਾਨੀ ਕੱਲ੍ਹ ਪੰਜ ਸੂਬਿਆਂ ਦੇ ਵਿਧਾਨ ਸਭਾ ਨਤੀਜੇ ਆ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਪੂਰੇ ਭਾਰਤ ਦਾ ਪ੍ਰਿੰਟ, ਇਲਾਕਟ੍ਰਾਨਿਕ ਤੇ ਸੋਸ਼ਲ ਮੀਡੀਆ ਨਤੀਜਿਆਂ ਦੀ ਪਲ-ਪਲ ਦੀ ਜਾਣਕਾਰੀ ਦੇਣ ਲਈ ਕਮਰ ਕੱਸੀ ਬੈਠਾ ਹੈ। ਇਸ ਦਰਮਿਆਨ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਵੀ ਚੋਣਾਂ ਦੇ ਪਲ-ਪਲ ਦੇ ਨਤੀਜਿਆਂ ਦੀ ਪੁਖਤਾ ਜਾਣਕਾਰੀ ਮੁਹੱਈਆ ਕਰਵਾਏਗੀ। ਚੋਣ ਨਤੀਜੇ ਵਿਭਾਗ ਦੀ ਾ.ੲਚਰਿੲਸੁਲਟਸ.ਨਚਿ.ਨਿ ਜਾਂ ਾ.ੲਚ.ਿਨਚਿ.ਨਿ ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।ਸਵੇਰੇ 8 ਵਜੇ ਤੋਂ ਵਿਭਾਗ ਵੱਲੋਂ ਨਤੀਜਿਆਂ ਦੇ ਰੁਝਾਨ ਦਿਖਾਉਣੇ ਸ਼ੁਰੂ ਕੀਤੇ ਜਾਣਗੇ। ਨਤੀਜਿਆਂ ਦੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ



