ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਹੋਲੇ ਮਹੱਲੇ ’ਤੇ ਭਾਵਪੂਰਤ ਸੰਦੇਸ਼ ਜਾਰੀ
ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਹੋਲੀ ਦੇ ਪਰੰਪਰਾਗਤ ਭਾਰਤੀ ਤਿਉਹਾਰ ਦੀ ਥਾਂ ਖ਼ਾਲਸਾਈ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ‘ਹੋਲਾ ਮਹੱਲਾ’ ਨਾਲ ਜੋੜਿਆ। ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ ਅੰਦਰ ‘ਫ਼ਤਿਹ’ ਦੇ ਅਨੁਭਵ ਨੂੰ ਹੋਰ ਦ੍ਰਿੜ੍ਹ ਕਰਨਾ ਸੀ, ਜਿਸ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਇਹ ਉਹ ਖ਼ਾਲਸਾਈ ਤਿਉਹਾਰ ਹੈ ਜੋ ਸਿੱਖਾਂ ਨੂੰ ਜੰਗੀ ਕਰਤਵ ਸਿਖਾਉਣ ਅਤੇ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ੍ਹ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ, ਸਵੈ-ਮਾਣ, ਮਨੁੱਖੀ ਆਜ਼ਾਦੀ ਤੇ ਖ਼ਾਲਸਾਈ ਜਜ਼ਬੇ ਨਾਲ ਭਰਪੂਰ ਕਰਨ ਲਈ ਕਾਰਗਰ ਸਾਬਤ ਹੋਇਆ। ਇਸ ਇਨਕਲਾਬੀ ਪਿਰਤ ਰਾਹੀਂ ਖ਼ਾਲਸੇ ਨੇ ਸ਼ਸਤਰ-ਵਿਦਿਆ ਅਤੇ ਯੁੱਧ ਕਲਾ ਵਿਚ ਪ੍ਰਬੀਨ ਹੋ ਕੇ ਇਤਿਹਾਸ ਦਾ ਰੁਖ ਮੋੜ ਦਿੱਤਾ। ਪੰਜਾਬ ਵਿਚ ਸਦੀਆਂ ਤੋਂ ਗ਼ੁਲਾਮ ਅਤੇ ਰਾਜਸੀ ਸੱਤਾ ਤੋਂ ਬੇਦਖਲ ਹੋ ਚੁੱਕੇ ਲੋਕਾਂ ਦੀ ਪਾਤਸ਼ਾਹੀ ਕਾਇਮ ਹੋ ਗਈ। ਦਸਮੇਸ਼ ਪਿਤਾ ਜੀ ਵੱਲੋਂ ਚਲਾਈ ਗਈ ਇਹ ਮਹਾਨ ਪ੍ਰੰਪਰਾ ਅੱਜ ਵੀ ਕਾਇਮ ਹੈ। ਹਰ ਸਾਲ ਇਹ ਪਵਿੱਤਰ ਤਿਉਹਾਰ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਉਂਦੀਆਂ ਹਨ। ਅਸੀਂ ਜਾਣਦੇ ਹਾਂ ਕਿ ਹੋਲਾ ਮਹੱਲਾ ਦੀ ਆਰੰਭਤਾ ਸਮੇਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨੋਰਥ ਜਿਥੇ ਲੋਕਾਈ ਦਾ ਮਨੋਬਲ ਉ¤ਚਾ ਚੁੱਕਣਾ ਸੀ, ਉਥੇ ਵਰਤਾਰੇ ਵਿਰੁੱਧ ਨਵੀਂ ਚੇਤਨਤਾ ਪੈਦਾ ਕਰਨਾ ਵੀ ਸੀ।
ਲੇਕਿਨ ਅੱਜ ਅਸੀਂ ਅਨੇਕਾਂ ਸਮਾਜਿਕ ਚੁਣੌਤੀਆਂ ਦੇ ਸਨਮੁੱਖ ਹਾਂ ਜਿਨ੍ਹਾਂ ਦਾ ਹੱਲ ਕੇਵਲ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਜੀਵਨ-ਜਾਚ ਅਤੇ ਪਰੰਪਰਾ ’ਤੇ ਪਹਿਰਾ ਦੇਣ ਨਾਲ ਹੀ ਹੋ ਸਕਦਾ ਹੈ। ਸੋ ਆਓ, ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਗੁਰੂ ਦੇ ਸੱਚੇ ਸਿੱਖ ਹੋਣ ਦਾ ਸਬੂਤ ਦਿੰਦਿਆਂ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।
-ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਆਓ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ



