ਤਰਨ ਤਾਰਨ, 8 ਮਾਰਚ (ਚਮਕੌਰ ਸਿੰਘ)- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੋਵੇਗਾ, ਕਿਸੇ ਉਪਰ ਕੋਈ ਝੂਠਾ ਪਰਚਾ ਦਰਜ ਨਹੀਂ ਹੋਵੇਗਾ ਅਤੇ ਦਰਜ ਹੋਏ ਸਾਰੇ ਝੂਠੇ ਪਰਚੇ ਰੱਦ ਹੋਣਗੇ। ਇਹ ਵਿਚਾਰ ਪਾਰਟੀ ਦੇ ਸੀਨੀਅਰ ਆਗੂ ਡਾ. ਕਸ਼ਮੀਰ ਸਿੰਘ ਸੋਹਲ ਨੇ ਪਾਰਟੀ ਦੇ ਵਲੰਟੀਅਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।ਡਾ. ਸੋਹਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਰਾਜ ਸਮੇਂ ਖਾਸਕਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਵਿਰੋਧੀਆਂ ਤੇ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਆਵਾਜ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ।ਬੇਰੁਜਗਾਰ ਨੌਜਵਾਨੀ ਕੁਰਾਹੇ ਪੈ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ ਅਤੇ ਰੁਜਗਾਰ ਖਾਤਰ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਧੱਕੇ ਖਾ ਰਹੇ ਹਨ। ਹੱਕ ਮੰਗਣ ਵਾਲਿਆਂ ਦੀ ਡਾਂਗਾਂ ਨਾਲ ਸੇਵਾ ਕੀਤੀ ਜਾਂਦੀ ਹੈ ਅਤੇ ਪੱਗਾਂ ਅਤੇ ਚੁੰਨੀਆਂ ਰੋਲੀਆਂ ਜਾਂਦੀਆਂ ਹਨ, ਜੋ ਕਿ ਅਤੀ ਨਿੰਦਣਯੋਗ ਹੈ।ਡਾ. ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਾਨੂੰਨ ਦਾ ਰਾਜ ਸਥਾਪਤ ਹੋਵੇਗਾ ਅਤੇ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਹੋਵੇਗੀ।ਡਾ. ਸੋਹਲ ਨਾਲ ਇਸ ਸਮੇਂ ਅਨਮੋਲ ਸਿੰਘ ਛਾਪਾ, ਬਲਜਿੰਦਰ ਸਿੰਘ ਜੋਸਨ, ਚੰਦ ਸਿੰਘ ਗਿੱਲ, ਡਾ. ਹਰਦਿਆਲ ਸਿੰਘ ਘਰਿਆਲਾ, ਅਵਤਾਰ ਸਿੰਘ ਨਿੱਜਰ, ਬਲਬੀਰ ਸਿੰਘ ਸਮਰਾ, ਗੁਰਪ੍ਰਤਾਪ ਸਿੰਘ, ਨਿਸ਼ਾਨ ਸਿੰਘ ਪੰਨੂੰ, ਪ੍ਰਹਲਾਦ ਸਿੰਘ, ਸਤਨਾਮ ਸਿੰਘ, ਜਤਿੰਦਰਪਾਲ ਸਿੰਘ ਰੰਧਾਵਾ, ਸੁਖਦੇਵ ਸਿੰਘ ਲੱਖਾ ਸਿੰਘ ਆਦਿ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਝੂਠੇ ਪਰਚੇ ਹੋਣਗੇ ਰੱਦ : ਡਾ. ਸੋਹਲ



