Skip to content
Independent perspectives. Global stories.
BREAKING

‘ਸਿੱਖ ਰਾਜਨੀਤੀ ਦੇ ਮੁੱਦੇ ਅਤੇ ਨਵੀਆਂ ਸੰਭਾਵਨਾਵਾਂ’ ਦੇ ਵਿਸ਼ੇ ’ਤੇ ਇਕ ਸਫਲ ਪੰਥਕ ਸੰਵਾਦ

Share this story

ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ ਵੱਲੋਂ ਅੱਜ ਇਥੇ ਠਸਿੱਖ ਰਾਜਨੀਤੀ ਮੁੱਦੇ ਅਤੇ ਨਵੀਆਂ ਸੰਭਾਵਨਾਵਾਂੂ ਦੇ ਵਿਸ਼ੇ ਉੱਤੇ ਇਕ ਪੰਥਕ ਸੰਵਾਦ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਦਵਾਨਾਂ ਅਤੇ ਧਾਰਮਿਕ-ਰਾਜਨੀਤਿਕ ਸ਼ਖ਼ਸੀਅਤਾਂ ਨੇ ਪੰਜਾਬ ਅਤੇ ਪੰਥ ਦੇ ਵਰਤਮਾਨ ਹਾਲਾਤ ਬਾਰੇ ਭਰਵੀਂ ਚਰਚਾ ਕੀਤੀ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਣ ਵਿਚ ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਉਪਰੰਤ ਬਣਨ ਵਾਲੇ ਸੰਭਾਵੀ ਹਾਲਾਤ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਪੰਥ ਅਤੇ ਪੰਜਾਬ ਦੀ ਨਵੀਂ ਲੀਡਰਸ਼ਿਪ ਦੇ ਉਭਾਰ ਲਈ ਇਹ ਸਾਜ਼ਗਾਰ ਸਮਾਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਇੰਸਟੀਚਿਊਟ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਸੀ ਸੰਵਾਦ ਦੇ ਅਜਿਹੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਡਾ. ਸਵਰਾਜ ਸਿੰਘ ਨੇ ਅੰਤਰਰਾਸ਼ਟਰੀ ਪਰਿਪੇਖ ਵਿਚ ਸਿੱਖ ਫ਼ਿਲਾਸਫ਼ੀ ਦੀ ਲੋੜ ਅਤੇ ਮਹੱਤਤਾ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦਾ ਫ਼ਲਸਫ਼ਾ ਹੀ ਦੁਨੀਆਂ ਨੂੰ ਨਵਾਂ ਰਸਤਾ ਦਿਖਾ ਸਕਦਾ ਹੈ। ਸ੍ਰ. ਸੁਖਦੇਵ ਸਿੰਘ ਭੌਰ ਨੇ ਦੁੱਖ ਪ੍ਰਗਟ ਕੀਤਾ ਕਿ ਅਜੋਕੀਆਂ ਪੰਥਕ ਸੰਸਥਾਵਾਂ ਕਾਫ਼ੀ ਕਮਜ਼ੋਰ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਨੂੰ ਹੋਰ ਸ਼ਕਤੀਸ਼ਾਲੀ ਕਰਨ ਲਈ ਭਾਈ ਹਰਿਸਿਮਰਨ ਸਿੰਘ ਦੇ ਯਤਨ ਸ਼ਲਾਘਾਯੋਗ ਹਨ। ਅਕਾਲੀ ਆਗੂ ਸ੍ਰ. ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ ਲਾਲਚ ਦੇਣ ਦੀ ਨੀਤੀ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ। ਪ੍ਰੋ. ਹਰਦੀਪ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੀ ਇਕ ਨਵੀਂ ਸੰਸਥਾ ਖੜ੍ਹੀ ਕਰਨ ਦਾ ਵਿਚਾਰ ਦਿੱਤਾ। ਸ. ਹਰਪਾਲ ਸਿੰਘ ਚੀਮਾ ਨੇ ਪੰਥ ਦੇ ਇਤਿਹਾਸਕ ਗੌਰਵ ਦੀ ਮੁੜ ਬਹਾਲੀ ਲਈ ਸਿੱਖ ਨੌਜਵਾਨਾਂ ਨੂੰ ਅੱਗੇ ਆਉਣ ਲਈ ਅਪੀਲ ਕੀਤੀ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਤਖ਼ਤ ਸੰਸਥਾ ਨੂੰ ਸ਼ਕਤੀਸ਼ਾਲੀ ਕਰਨ ਲਈ ਸਿੱਖ ਪੰਥ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਡਾ. ਭਗਵਾਨ ਸਿੰਘ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਪੰਥਕ ਜਥੇਬੰਦੀਆਂ ਨੂੰ ਏਕਤਾ ਕਰਨ ਦੀ ਅਪੀਲ ਕੀਤੀ। ਸ. ਬਲਜੀਤ ਸਿੰਘ ਖਾਲਸਾ ਨੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਅਤੇ ਬੰਦੀ ਸਿੱੰਘਾਂ ਦੀ ਰਿਹਾਈ ਲਈ ਕੀਤੇ ਜਾਂਦੇ ਆਪਣੇ ਯਤਨਾਂ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਦੋ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿਚ ਪੰਥ ਸਾਹਮਣੇ ਦਰਪੇਸ਼ ਚੁਣੌਤੀਆਂ ਦੇ ਸਨਮੁੱਖ ਪੰਥ ਵਿਚ ਇਕ ਵੱਡਾ ਸੰਵਾਦ ਚਲਾਉਣ ਲਈ ਪੰਥ ਦਾ ਦਰਦ ਰੱਖਣ ਵਾਲਿਆਂ ਨੂੰ ਪੰਥਕ ਰੋਲ ਨਿਭਾਉਣ ਲਈ ਅੱਗੇ ਆਉਣ ਅਤੇ ਪੰਥ ਦੀ ਨਵੀਂ ਲੀਡਰਸ਼ਿਪ ਦੇ ਉਭਾਰ ਲਈ ਸਾਜ਼ਗਾਰ ਵਾਤਾਵਰਨ ਤਿਆਰ ਕਰਨਾ ਹੋਵੇਗਾ। ਦੂਸਰੇ ਮਤੇ ਵਿਚ ਪੰਥ ਦੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਵਿਚ ਟੁੱਟ ਚੁੱਕੇ ਸੰਵਾਦ ਨੂੰ ਇਕ ਵਾਰ ਫਿਰ ਲੀਹਾਂ ਉੱਤੇ ਲਿਆਉਣ ਅਤੇ ਭਵਿੱਖ ਦੀ ਪੰਜਾਬ ਸਰਕਾਰ ਤੋਂ ਵਿਕਾਸ ਦੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਇਕ ਠਦੇਸ਼ ਪੰਜਾਬ ਵਾਚ ਗਰੁੱਪੂ ਖੜ੍ਹਾ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸੰਵਾਦ ਸਮਾਗਮ ਵਿਚ ਸ. ਗੁਰਨਾਮ ਸਿੰਘ ਚੰਡੀਗੜ੍ਹ, ਜਗਅਮਨਦੀਪ ਸਿੰਘ, ਸ. ਜਸਵਿੰਦਰ ਸਿੰਘ ਬਰਾੜ, ਰਛਪਾਲ ਸਿੰਘ ਹੁਸ਼ਿਆਰਪੁਰ, ਸ. ਮਨਜੀਤ ਸਿੰਘ, ਅਮਰ ਸਿੰਘ ਚਾਹਲ ਐਡਵੋਕੇਟ, ਸ. ਸ਼ਮਸ਼ੇਰ ਸਿੰਘ ਪ੍ਰਭ ਆਸਰਾ ਟਰੱਸਟ, ਸ. ਗੁਰਵਿੰਦਰ ਸਿੰਘ ਭੁੱਲਰ, ਸਰਬਜੀਤ ਸਿੰਘ, ਹਰਮੀਤ ਸਿੰਘ, ਸੁਖਵਿੰਦਰ ਸਿੰਘ ਭੋਮਾ, ਸਤਨਾਮ ਸਿੰਘ ਕੋਟਾ ਰਾਜਸਥਾਨ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਿਦਵਾਨ ਸ਼ਾਮਿਲ ਹੋਏ।

WRITTEN BY